ਮਜੀਠੀਆ ਦਾ ਵੱਡਾ ਦਾਅਵਾ! ਪੰਜਾਬ ਪੁਲਿਸ ਟੈਪ ਕਰ ਰਹੀ ਈਡੀ ਅਧਿਕਾਰੀਆਂ ਦੇ ਫੋਨ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਬਹੁਤ ਗੰਭੀਰ ਇਲਜ਼ਾਮ ਲਾਇਆ ਹੈ। ਮੁੱਖ ਮੰਤਰੀ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਸਮੇਤ 6 ਲੋਕਾਂ ਖ਼ਿਲਾਫ਼ ਸੀ.ਬੀ.ਆਈ. ਵੱਲੋਂ ਐੱਫ.ਆਈ.ਆਰ. ਦਰਜ ਕੀਤੇ ਜਾਣ ਅਤੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ‘ਤੇ ਹੋਈ ਛਾਪੇਮਾਰੀ ਤੋਂ ਬਾਅਦ ਮਜੀਠੀਆ ਨੇ ਪ੍ਰੈੱਸ ਕਾਨਫਰੰਸ ‘ਚ ਦਾਅਵਾ ਕੀਤਾ ਕਿ ਸੂਬਾ ਪੁਲਿਸ ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀਆਂ ਦੀ ਜਾਸੂਸੀ ਕਰ ਰਹੀ ਹੈ।

ਈਡੀ ਅਧਿਕਾਰੀਆਂ ਦੇ ਫੋਨ ਟੈਪ ਕਰਨ ਦਾ ਦਾਅਵਾ

ਮਜੀਠੀਆ ਨੇ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਆਪਣੇ ਸਿਆਸੀ ਆਕਾਵਾਂ ਦੇ ਕਹਿਣ ‘ਤੇ ਈਡੀ ਦੀ ਹਰ ਮੂਵਮੈਂਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਜਲੰਧਰ ਸਥਿਤ ਦਫ਼ਤਰ ਦੇ ਈਡੀ ਅਧਿਕਾਰੀਆਂ ਦੇ ਫੋਨ ਟੈਪ ਕਰਵਾ ਰਹੀ ਹੈ, “ਜੋ ਕਿ ਆਪਣੇ ਆਪ ਵਿੱਚ ਇੱਕ ਵੱਡਾ ਅਪਰਾਧ ਹੈ।” ਇਸ ਦਾਅਵੇ ਦੀ ਚਰਚਾ ਪੀਟੀਸੀ ਨਿਊਜ਼, ਏਬੀਸੀ ਪੰਜਾਬ ਅਤੇ ਨਿਊਜ਼18 ਪੰਜਾਬ ਸਮੇਤ ਕਈ ਨਿਊਜ਼ ਚੈਨਲਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਹੋਈ ਹੈ।

ਪਾਸਪੋਰਟ ਜ਼ਬਤ ਕਰਨ ਅਤੇ ਲੁੱਕਆਊਟ ਨੋਟਿਸ ਦੀ ਮੰਗ

ਅਕਾਲੀ ਆਗੂ ਨੇ ਖ਼ਦਸ਼ਾ ਪ੍ਰਗਟਾਇਆ ਕਿ ਜਾਂਚ ਦੇ ਘੇਰੇ ਵਿੱਚ ਆਏ ਕਈ ਲੋਕ ਕਾਨੂੰਨੀ ਕਾਰਵਾਈ ਦੇ ਡਰੋਂ ਦੇਸ਼ ਛੱਡ ਕੇ ਭੱਜਣ ਦੀ ਫਿਰਾਕ ਵਿੱਚ ਹਨ। ਉਨ੍ਹਾਂ ਨੇ ਕੇਂਦਰੀ ਏਜੰਸੀਆਂ ਨੂੰ ਅਪੀਲ ਕੀਤੀ ਕਿ ਓ.ਐੱਸ.ਡੀ. ਘੁੰਮਣ ਸਮੇਤ ਮਾਮਲੇ ਵਿੱਚ ਨਾਮਜ਼ਦ ਅਤੇ ਜਾਂਚ ਦੇ ਘੇਰੇ ਵਿੱਚ ਆਉਣ ਵਾਲੇ ਸਾਰੇ ਵਿਅਕਤੀਆਂ ਦੇ ਪਾਸਪੋਰਟ ਜ਼ਬਤ ਕੀਤੇ ਜਾਣ ਅਤੇ ਲੋੜ ਪੈਣ ‘ਤੇ ਲੁੱਕਆਊਟ ਨੋਟਿਸ ਜਾਰੀ ਕੀਤੇ ਜਾਣ, ਤਾਂ ਜੋ ਕੋਈ ਵੀ ਵਿਅਕਤੀ ਦੇਸ਼ ਤੋਂ ਬਾਹਰ ਨਾ ਜਾ ਸਕੇ।

ਸਬੂਤ ਮਿਟਾਉਣ ਅਤੇ 67 ਦਿਨਾਂ ਦੀ ਢਿੱਲ ਦੇ ਇਲਜ਼ਾਮ

ਮਜੀਠੀਆ ਨੇ ਇਲਜ਼ਾਮ ਲਾਇਆ ਕਿ ਉੱਚ ਪੁਲਿਸ ਅਧਿਕਾਰੀਆਂ ਨੇ ਆਪਣੇ ਸਿਆਸੀ ਆਕਾਵਾਂ ਦੇ ਲੋਕਾਂ ਨੂੰ ਬਚਾਉਣ ਲਈ ਪੁਰਾਣੇ ਫੋਨ ਪੂਰੀ ਤਰ੍ਹਾਂ ਖਤਮ ਕਰਕੇ ਨਵੇਂ ਫੋਨ ਚਲਾਉਣ ਦੀ ਸਲਾਹ ਦਿੱਤੀ, ਤਾਂ ਜੋ ਪੁਰਾਣੇ ਫੋਨਾਂ ‘ਚ ਸਬੂਤ ਨਸ਼ਟ ਹੋ ਜਾਣ। ਉਨ੍ਹਾਂ ਕਿਹਾ ਕਿ ਈਡੀ ਵੱਲੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਕਈ ਵਾਰ ਚਿੱਠੀਆਂ ਲਿਖੀਆਂ ਗਈਆਂ, ਪਰ 67 ਦਿਨ ਤੱਕ ਕੋਈ ਕਾਰਵਾਈ ਨਹੀਂ ਹੋਈ, ਜਿਸ ਮਗਰੋਂ ਹਾਈ ਕੋਰਟ ਨੇ ਜਾਂਚ ਸੀਬੀਆਈ ਨੂੰ ਸੌਂਪੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।