ਪੰਜਾਬ ਕਾਂਗਰਸ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਏਆਈਸੀਸੀ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ‘ਤੇ ਸਿੱਧਾ ਇਲਜ਼ਾਮ ਲਾਇਆ ਹੈ। ਵੜਿੰਗ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਟਾਉਣਾ ਪਹਿਲਾਂ ਤੋਂ ਤੈਅ ਸੀ ਅਤੇ ਇਸ ਫ਼ੈਸਲੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੂੰ ਜਿੱਤ ਮਿਲ ਗਈ ਹੈ।
ਪਾਇਲਟ ‘ਤੇ ਸਿੱਧਾ ਇਲਜ਼ਾਮ
ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ‘ਚ ਵੜਿੰਗ ਨੇ ਕਿਹਾ ਕਿ ਸਚਿਨ ਪਾਇਲਟ ਨੇ ਹੀ ਫ਼ੈਸਲਾ ਕੀਤਾ ਹੋਵੇਗਾ ਕਿ ਹੁਣ ‘ਰਾਜੇ’ ਨੂੰ ਅਹੁਦੇ ਤੋਂ ਹਟਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਇਸ ਦਾਅਵੇ ਦਾ ਉਨ੍ਹਾਂ ਕੋਲ ਕੋਈ ਠੋਸ ਸਬੂਤ ਨਹੀਂ ਹੈ, ਪਰ ਲੰਬੇ ਸਿਆਸੀ ਤਜਰਬੇ ਦੇ ਆਧਾਰ ‘ਤੇ ਉਨ੍ਹਾਂ ਨੂੰ ਇਹੀ ਲੱਗਦਾ ਹੈ ਕਿ ਜਨਰਲ ਸਕੱਤਰ ਨੂੰ ਲੱਗਿਆ ਹੋਵੇਗਾ ਕਿ ਰਾਜੇ ਨੂੰ ਹਟਾ ਦੇਣਾ ਚਾਹੀਦਾ ਹੈ। ਵੜਿੰਗ ਨੇ ਕਿਹਾ ਕਿ ਪਾਇਲਟ ਦੇ ਇੰਚਾਰਜ ਬਣਨ ‘ਤੇ ਉਹ ਉਨ੍ਹਾਂ ਨੂੰ ਵਧਾਈ ਦੇਣ ਗਏ ਸਨ ਅਤੇ ਕਰੀਬ 15 ਮਿੰਟ ਗੱਲਬਾਤ ਹੋਈ ਸੀ, ਪਰ ਉਸ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਨਹੀਂ ਹੋਈ।
‘ਚੰਨੀ ਸਾਹਿਬ ਜਿੱਤ ਗਏ’ — ਚੰਨੀ ਧੜੇ ਨਾਲ ਟਕਰਾਅ ਦਾ ਇਸ਼ਾਰਾ
ਪੀਟੀਆਈ ਨੂੰ ਦਿੱਤੇ ਬਿਆਨ ‘ਚ ਵੜਿੰਗ ਨੇ ਹੋਰ ਸਾਫ਼ ਸ਼ਬਦਾਂ ‘ਚ ਕਿਹਾ ਕਿ ਉਨ੍ਹਾਂ ਦਾ ਅਸਤੀਫ਼ਾ ਚੰਨੀ ਸਾਹਿਬ ਦੇ ਧੜੇ ਦੀ ਜਿੱਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹੀਨਿਆਂ ਤੋਂ ਚੱਲ ਰਹੇ ਅੰਦਰੂਨੀ ਮਤਭੇਦਾਂ ਤੋਂ ਬਾਅਦ ਇਹ ਫ਼ੈਸਲਾ ਹੋਇਆ ਹੈ। ਦੱਸਣਯੋਗ ਹੈ ਕਿ ਵੜਿੰਗ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਸੀਨੀਅਰ ਆਗੂਆਂ ਨਾਲ ਟਕਰਾਅ ਚੱਲ ਰਿਹਾ ਸੀ। ਪਾਰਟੀ ਹਾਈਕਮਾਨ ਨੇ ਪਹਿਲਾਂ ਸੰਕੇਤ ਦਿੱਤਾ ਸੀ ਕਿ ਵੜਿੰਗ ਅਗਵਾਈ ਕਰਦੇ ਰਹਿਣਗੇ, ਪਰ ਭੁਪੇਸ਼ ਬਘੇਲ ਦੀ ਥਾਂ ਸਚਿਨ ਪਾਇਲਟ ਨੂੰ ਪੰਜਾਬ ਦਾ ਇੰਚਾਰਜ ਬਣਾਉਣ ਤੋਂ ਬਾਅਦ ਸਥਿਤੀ ਬਦਲ ਗਈ।
‘ਕਿਸੇ ਨੇ ਅਸਤੀਫ਼ਾ ਮੰਗਿਆ ਨਹੀਂ, ਖ਼ੁਦ ਫ਼ੈਸਲਾ ਲਿਆ’
ਵੜਿੰਗ ਨੇ ਸਪੱਸ਼ਟ ਕੀਤਾ ਕਿ ਕਿਸੇ ਨੇ ਉਨ੍ਹਾਂ ਤੋਂ ਅਸਤੀਫ਼ਾ ਨਹੀਂ ਮੰਗਿਆ ਸੀ। ਉਨ੍ਹਾਂ ਕਿਹਾ, “ਮੈਂ ਹਾਲਾਤ ਨੂੰ ਸਮਝ ਕੇ ਖ਼ੁਦ ਅਸਤੀਫ਼ਾ ਦਿੱਤਾ ਅਤੇ ਸੋਸ਼ਲ ਮੀਡੀਆ ‘ਤੇ ਆਪਣੇ ਹੈਂਡਲ ਬਦਲ ਕੇ ‘ਸਾਬਕਾ ਪੀਸੀਸੀ ਪ੍ਰਧਾਨ’ ਲਿਖ ਲਿਆ।” ਅਸਤੀਫ਼ੇ ਤੋਂ ਬਾਅਦ ਉਨ੍ਹਾਂ ਨੇ ਨਵੀਂ ਦਿੱਲੀ ‘ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਬਾਰੇ ਆਪਣੇ ਵਿਚਾਰ ਰੱਖੇ। ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨਾਲ ਬਹੁਤ ਪਿਆਰ ਦਿਖਾਇਆ। ਉਨ੍ਹਾਂ ਸਾਢੇ ਚਾਰ ਸਾਲ ਦੇ ਕਾਰਜਕਾਲ ‘ਤੇ ਸੰਤੁਸ਼ਟੀ ਜਤਾਉਂਦਿਆਂ ਕਿਹਾ ਕਿ ਪਾਰਟੀ ਨੇ ਜੋ ਦਿੱਤਾ, ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕੀਤਾ।
2027 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ‘ਚ ਉਥਲ-ਪੁਥਲ
ਵੜਿੰਗ 2022 ‘ਚ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਸਨ। ਹੁਣ ਉਨ੍ਹਾਂ ਦੀ ਥਾਂ ਜਲੰਧਰ ਕੈਂਟ ਦੇ ਵਿਧਾਇਕ ਅਤੇ ਸਾਬਕਾ ਹਾਕੀ ਕਪਤਾਨ ਪਰਗਟ ਸਿੰਘ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਹੈ। 2027 ਦੇ ਸ਼ੁਰੂਆਤੀ ਮਹੀਨਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਇਹ ਅੰਦਰੂਨੀ ਲੜਾਈ ਖੁੱਲ੍ਹ ਕੇ ਸਾਹਮਣੇ ਆਉਣ ਨਾਲ ਸਿਆਸੀ ਹਲਕਿਆਂ ‘ਚ ਹਲਚਲ ਮੱਚ ਗਈ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਇਹ ਟਕਰਾਅ ਅਜੇ ਸ਼ੁਰੂਆਤ ਹੈ ਅਤੇ ਚੋਣਾਂ ਤੋਂ ਪਹਿਲਾਂ ਕਾਂਗਰਸ ‘ਚ ਹੋਰ ਵੱਡੇ ਬਦਲਾਅ ਹੋ ਸਕਦੇ ਹਨ।
