ਬਟਾਲਾ ‘ਚ ਦਿਨ-ਦਿਹਾੜੇ ਪਾਦਰੀ ਦਾ ਕਤਲ! ਘਰ ‘ਚ ਵੜ ਤੇਜ਼ਧਾਰ ਹਥਿਆਰ ਨਾਲ ਵਾਰ, ਇਲਾਕੇ ‘ਚ ਦਹਿਸ਼ਤ

ਬਟਾਲਾ ਦੇ ਗਾਂਧੀ ਕੈਂਪ ‘ਚ ਅੱਜ ਸਵੇਰੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਹੋਈ। ਦਿਨ-ਦਿਹਾੜੇ ਪਾਦਰੀ ਬਲਵਿੰਦਰ ਪਾਲ ਉਰਫ਼ ਲਾਡੀ ਦਾ ਉਨ੍ਹਾਂ ਦੇ ਘਰ ‘ਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਵਾਰਦਾਤ ਮਗਰੋਂ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਰ ‘ਚ ਹੀ ਚਲਾਉਂਦੇ ਸਨ ਚਰਚ

ਬਲਵਿੰਦਰ ਪਾਲ ਪੁੱਤਰ ਤਾਰਾ ਚੰਦ, ਨੇੜੇ ਰੇਲਵੇ ਫਾਟਕ, ਗਾਂਧੀ ਕੈਂਪ ਬਟਾਲਾ ਦੇ ਰਹਿਣ ਵਾਲੇ ਸਨ ਅਤੇ ਪਾਦਰੀ ਵਜੋਂ ਸੇਵਾ ਕਰਦੇ ਸਨ। ਉਹ ਆਪਣੇ ਘਰ ‘ਚ ਹੀ ਚਰਚ ਚਲਾਉਂਦੇ ਸਨ ਅਤੇ ਘਰ ‘ਚ ਇਕੱਲੇ ਰਹਿੰਦੇ ਸਨ। ਅੱਜ ਸਵੇਰੇ ਜਦੋਂ ਉਹ ਘਰ ‘ਚ ਇਕੱਲੇ ਸਨ, ਤਾਂ ਗਾਂਧੀ ਕੈਂਪ ਦਾ ਰਹਿਣ ਵਾਲਾ ਨਰੇਸ਼ ਕੁਮਾਰ ਘਰ ‘ਚ ਦਾਖਲ ਹੋਇਆ ਅਤੇ ਉਨ੍ਹਾਂ ਦੀ ਧੌਣ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਗੰਭੀਰ ਜ਼ਖ਼ਮੀ ਹਾਲਤ ‘ਚ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਭਤੀਜੇ ਦਾ ਬਿਆਨ — ਕਿਸੇ ਨਾਲ ਰੰਜਿਸ਼ ਨਹੀਂ ਸੀ

ਮ੍ਰਿਤਕ ਦੇ ਭਤੀਜੇ ਸੰਨੀ ਨੇ ਦੱਸਿਆ ਕਿ ਬਲਵਿੰਦਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਰੰਜਿਸ਼ ਨਹੀਂ ਸੀ। ਪਰਿਵਾਰ ਇਸ ਵਾਰਦਾਤ ਤੋਂ ਸਦਮੇ ‘ਚ ਹੈ।

ਪੁਲਿਸ ਜਾਂਚ ਜਾਰੀ, ਮਾਮਲਾ ਦਰਜ

ਥਾਣਾ ਸਿਵਲ ਲਾਈਨਜ਼ ਦੇ ਐੱਸਐੱਚਓ ਲਖਵਿੰਦਰ ਸਿੰਘ ਮੁਤਾਬਕ ਮ੍ਰਿਤਕ ਦੀ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤੀ ਗਈ ਹੈ। ਮ੍ਰਿਤਕ ਦੇ ਭਰਾ ਮਹਿੰਦਰ ਪਾਲ ਦੇ ਬਿਆਨਾਂ ‘ਤੇ ਨਰੇਸ਼ ਕੁਮਾਰ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਬਣਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਹਮਲਾਵਰ ਦੀ ਭਾਲ ਆਰੰਭ ਕਰ ਦਿੱਤੀ ਹੈ। ਇਸ ਦੌਰਾਨ ਆਂਢ-ਗੁਆਂਢ ‘ਚ ਹੋਏ ਝਗੜੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।