ਅੰਮ੍ਰਿਤਸਰ ਵਿੱਚ ਸ਼ਨਿੱਚਰਵਾਰ ਸ਼ਾਮ ਨੂੰ ਸਨਸਨੀਖੇਜ਼ ਵਾਰਦਾਤ ਵਾਪਰੀ ਹੈ। ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਐਂਸਰ ਅਤੇ ਮੇਕਅਪ ਆਰਟਿਸਟ ਮੈਡ ਸੰਧੂ (ਮਧੂਸੂਦਨ) ਦਾ ਮੋਟਰਸਾਈਕਲ ‘ਤੇ ਆਏ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਗੋਲੀਆਂ ਲੱਗਣ ਤੋਂ ਬਾਅਦ ਉਹ ਸੜਕ ‘ਤੇ ਖੂਨ ਨਾਲ ਲੱਥਪੱਥ ਡਿੱਗ ਪਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸਾਥੀਆਂ ਨੇ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ, ਪਰ ਰਸਤੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।
ਲੋਹਾਰਕਾ ਰੋਡ ‘ਤੇ ਸ਼ਾਮ 6 ਵਜੇ ਵਾਰਦਾਤ
ਪੁਲਿਸ ਮੁਤਾਬਕ ਵਾਰਦਾਤ ਸ਼ਾਮ ਕਰੀਬ 6 ਵਜੇ ਲੋਹਾਰਕਾ ਰੋਡ ‘ਤੇ ਵਾਪਰੀ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੈਡ ਸੰਧੂ ਆਪਣੀ ਕਾਰ ਧੁਆਉਣ ਲਈ ਦੇ ਕੇ ਆਏ ਸਨ, ਤਦ ਹੀ ਦੋ ਬਾਈਕ ਸਵਾਰ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਨੂੰ ਕਈ ਗੋਲੀਆਂ ਲੱਗੀਆਂ। ਮੌਕੇ ਤੋਂ ਪੁਲਿਸ ਨੇ ਦੋ ਖਾਲੀ ਖੋਲ ਵੀ ਬਰਾਮਦ ਕੀਤੇ ਹਨ। ਸੀਪੀ ਮੁਤਾਬਕ ਪੁਲਿਸ ਕੋਲ ਪੱਕੇ ਸੁਰਾਗ ਹਨ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਮਿਸਾਲੀ ਸਜ਼ਾ ਦਿਵਾਈ ਜਾਵੇਗੀ।
ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਇਲਾਕੇ ਨੂੰ ਘੇਰ ਲਿਆ। ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਨੇੜਲੇ ਇਲਾਕਿਆਂ ਦੀਆਂ ਸੀਸੀਟੀਵੀ ਫੁਟੇਜਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੈਡ ਸੰਧੂ ਦੇ ਜਾਣਕਾਰਾਂ ਅਤੇ ਉਨ੍ਹਾਂ ਲੋਕਾਂ ਬਾਰੇ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ ਜਿਨ੍ਹਾਂ ਨਾਲ ਉਹ ਘਟਨਾ ਤੋਂ ਪਹਿਲਾਂ ਸੰਪਰਕ ਵਿੱਚ ਸਨ। ਕਤਲ ਦੇ ਪਿੱਛੇ ਅਸਲ ਮਕਸਦ ਦਾ ਪਤਾ ਲਗਾਉਣ ਲਈ ਕਈ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਤਿੰਨ ਮਹੀਨੇ ਪਹਿਲਾਂ ਨਿਹੰਗ ਜਥੇਬੰਦੀ ਨਾਲ ਹੋਇਆ ਸੀ ਵਿਵਾਦ
ਇਸ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਦੀ ਸ਼ੰਕਾ ਵੀ ਜਤਾਈ ਜਾ ਰਹੀ ਹੈ। ਲਗਪਗ ਤਿੰਨ ਮਹੀਨੇ ਪਹਿਲਾਂ ਮੈਡ ਸੰਧੂ ਦਾ ਨਿਹੰਗ ਜਥੇਦਾਰ ਮਨਪ੍ਰੀਤ ਸਿੰਘ ਖਾਲਸਾ ਨਾਲ ਵਿਵਾਦ ਹੋਇਆ ਸੀ। ਨਿਹੰਗ ਪੱਖ ਨੇ ਉਨ੍ਹਾਂ ਦੇ ਪਹਿਰਾਵੇ, ਸੋਸ਼ਲ ਮੀਡੀਆ ਗਤੀਵਿਧੀਆਂ ਅਤੇ ਪੁਰਾਣੀਆਂ ਵੀਡੀਓਜ਼ ‘ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਅਜਿਹੀ ਸਮੱਗਰੀ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਸੀ। ਉਸ ਸਮੇਂ ਸੰਧੂ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਵਿੱਚ ਸੁਧਾਰ ਕਰ ਲਿਆ ਹੈ, ਪਰ ਉਨ੍ਹਾਂ ਦੀਆਂ ਪੁਰਾਣੀਆਂ ਵੀਡੀਓਜ਼ ਸ਼ੇਅਰ ਕਰਕੇ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਸੀ।
ਕੌਣ ਸਨ ਮੈਡ ਸੰਧੂ
ਮਧੂਸੂਦਨ ਉਰਫ਼ ਮੈਡ ਸੰਧੂ ਸੋਸ਼ਲ ਮੀਡੀਆ ਦੇ ਜਾਣੇ-ਪਛਾਣੇ ਚਿਹਰਿਆਂ ਵਿੱਚੋਂ ਇੱਕ ਸਨ। ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ 2.25 ਲੱਖ ਫਾਲੋਅਰ ਸਨ, ਜਿੱਥੇ ਉਹ ਮੇਕਅਪ, ਫੈਸ਼ਨ ਅਤੇ ਸਮਾਜਿਕ ਮੁੱਦਿਆਂ ‘ਤੇ ਸਮੱਗਰੀ ਪਾਉਂਦੇ ਸਨ। ਉਹ ਅੰਮ੍ਰਿਤਸਰ ਵਿੱਚ ਇੱਕ ਯੂਨੀਸੈਕਸ ਸੈਲੂਨ ਦੇ ਸੰਸਥਾਪਕ ਵੀ ਸਨ ਅਤੇ ‘ਓਏ ਭੋਲੇ ਓਏ’ ਸਮੇਤ ਕੁਝ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਵੀ ਕਰ ਚੁੱਕੇ ਸਨ। ਆਪਣੀ ਪਛਾਣ ਨੂੰ ਲੈ ਕੇ ਖੁੱਲ੍ਹ ਕੇ ਬੋਲਣ ਵਾਲੇ ਸੰਧੂ ਸੋਸ਼ਲ ਮੀਡੀਆ ‘ਤੇ ਅਕਸਰ ਟ੍ਰੋਲਿੰਗ ਦਾ ਸ਼ਿਕਾਰ ਵੀ ਹੁੰਦੇ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਸੋਸ਼ਲ ਮੀਡੀਆ ‘ਤੇ ਸੋਗ ਦੀ ਲਹਿਰ ਦੌੜ ਗਈ ਹੈ।
