ਪਰਗਟ ਸਿੰਘ ਨੇ ਲਈਆਂ ਮਨਮੋਹਨ ਸਿੰਘ ਦੀ ਪਤਨੀ ਤੋਂ ਅਸ਼ੀਰਵਾਦ! ‘ਸਾਦਗੀ ਤੇ ਈਮਾਨਦਾਰੀ ਹਮੇਸ਼ਾ ਪ੍ਰੇਰਨਾ ਰਹੇਗੀ’

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਤੋਂ ਅਸ਼ੀਰਵਾਦ ਲਿਆ ਹੈ। ਐਤਵਾਰ ਨੂੰ ਨਵੀਂ ਦਿੱਲੀ ‘ਚ ਸਾਬਕਾ ਪ੍ਰਧਾਨ ਮੰਤਰੀ ਦੇ ਨਿਵਾਸ ‘ਤੇ ਪਹੁੰਚ ਕੇ ਪਰਗਟ ਸਿੰਘ ਨੇ ਗੁਰਸ਼ਰਨ ਕੌਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਤਸਵੀਰਾਂ ਆਪਣੇ ‘ਐਕਸ’ ਖਾਤੇ ‘ਤੇ ਸਾਂਝੀਆਂ ਕੀਤੀਆਂ।

“ਮਨਮੋਹਨ ਸਿੰਘ ਪੰਜਾਬ ਦੇ ਸ਼ਾਨਦਾਰ ਸਪੂਤ ਸਨ”

ਪਰਗਟ ਸਿੰਘ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਇਮਾਨਦਾਰੀ ਅਤੇ ਦੇਸ਼ ਪ੍ਰਤੀ ਸਮਰਪਣ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। “ਮੈਂ ਸ੍ਰੀਮਤੀ ਗੁਰਸ਼ਰਨ ਕੌਰ ਜੀ ਨਾਲ ਮੁਲਾਕਾਤ ਕੀਤੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਦਾ ਅਸ਼ੀਰਵਾਦ ਲਿਆ। ਉਨ੍ਹਾਂ ਦੀ ਸਾਦਗੀ, ਇਮਾਨਦਾਰੀ ਅਤੇ ਦੇਸ਼ ਪ੍ਰਤੀ ਸਮਰਪਣ ਹਮੇਸ਼ਾ ਪ੍ਰੇਰਨਾ ਬਣਿਆ ਰਹੇਗਾ,” ਪਰਗਟ ਸਿੰਘ ਨੇ ਆਪਣੇ ਪੋਸਟ ‘ਚ ਲਿਖਿਆ।

ਮੀਡੀਆ ਨਾਲ ਗੱਲਬਾਤ ‘ਚ ਉਨ੍ਹਾਂ ਕਿਹਾ, “ਉਹ ਪੰਜਾਬ ਦੇ ਸ਼ਾਨਦਾਰ ਸਪੂਤ ਸਨ। ਉਨ੍ਹਾਂ ਨੇ ਸਿਰਫ਼ ਦੇਸ਼ ਦੀ ਅਰਥਵਿਵਸਥਾ ‘ਚ ਹੀ ਨਹੀਂ, ਸਗੋਂ ਮਨੁੱਖਤਾ, ਇਮਾਨਦਾਰੀ ਅਤੇ ਕਦਰਾਂ-ਕੀਮਤਾਂ ਦੇ ਖੇਤਰ ‘ਚ ਵੀ ਦੁਨੀਆ ਭਰ ‘ਚ ਉੱਚ ਪੱਧਰ ‘ਤੇ ਯੋਗਦਾਨ ਪਾਇਆ।” ਪਰਗਟ ਸਿੰਘ ਨੇ ਇਹ ਵੀ ਕਿਹਾ ਕਿ ਮਨਮੋਹਨ ਸਿੰਘ ਨੇ ਜੋ ਸੰਸਥਾਵਾਂ ਬਣਾਈਆਂ ਸਨ, ਉਹ ਅੱਜ ਦੀ ਸਿਆਸੀ ਵਿਵਸਥਾ ‘ਚ ਕਮਜ਼ੋਰ ਹੋ ਗਈਆਂ ਹਨ।

“ਪੰਜਾਬ ਜਾਣ ਤੋਂ ਪਹਿਲਾਂ ਅਸ਼ੀਰਵਾਦ ਲੈਣਾ ਜ਼ਰੂਰੀ ਸੀ”

ਆਈਏਐੱਨਐੱਸ ਨਾਲ ਗੱਲਬਾਤ ‘ਚ ਪਰਗਟ ਸਿੰਘ ਨੇ ਕਿਹਾ, “ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਨੇ ਦੇਸ਼ ਹੀ ਨਹੀਂ, ਸਗੋਂ ਪੂਰੀ ਦੁਨੀਆ ‘ਚ ਵਿਰਾਸਤ ਛੱਡੀ। ਇਸ ਲਈ ਮੇਰਾ ਮੰਨਣਾ ਹੈ ਕਿ ਕੰਮ ਦੀ ਸ਼ੁਰੂਆਤ ਉਨ੍ਹਾਂ ਦੀ ਪਤਨੀ ਤੋਂ ਅਸ਼ੀਰਵਾਦ ਲੈ ਕੇ ਹੀ ਹੋਣੀ ਚਾਹੀਦੀ ਹੈ।” ਉਨ੍ਹਾਂ ਕਿਹਾ ਕਿ ਦਿੱਲੀ ਦਾ ਇਹ ਦੌਰਾ ਪੂਰਾ ਕਰਕੇ ਹੀ ਉਹ ਪੰਜਾਬ ਜਾਣਗੇ।

ਅੰਬਿਕਾ ਸੋਨੀ ਅਤੇ ਰਾਜੇਂਦਰ ਪਾਲ ਗੌਤਮ ਨਾਲ ਵੀ ਮੁਲਾਕਾਤ

ਇਸ ਦੌਰਾਨ ਪਰਗਟ ਸਿੰਘ ਨੇ ਕਾਂਗਰਸ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਅੰਬਿਕਾ ਸੋਨੀ ਨੇ ਪੰਜਾਬ ਲਈ ਅਹਿਮ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਏਆਈਸੀਸੀ ਮੁੱਖ ਦਫ਼ਤਰ ‘ਚ ਐੱਸਸੀ ਵਿਭਾਗ ਦੇ ਚੇਅਰਮੈਨ ਰਾਜੇਂਦਰ ਪਾਲ ਗੌਤਮ ਨਾਲ ਵੀ ਮੁਲਾਕਾਤ ਕੀਤੀ। “ਸੰਗਠਨ ਨੂੰ ਮਜ਼ਬੂਤ ਕਰਨ ਅਤੇ ਸਮਾਜ ਦੇ ਹਰ ਵਰਗ ਦੇ ਹੱਕਾਂ, ਸਨਮਾਨ ਅਤੇ ਬਰਾਬਰੀ ਲਈ ਕੰਮ ਕਰਨ ‘ਤੇ ਸਾਰਥਕ ਚਰਚਾ ਹੋਈ,” ਉਨ੍ਹਾਂ ਨੇ ‘ਐਕਸ’ ‘ਤੇ ਲਿਖਿਆ।

ਸ਼ੁੱਕਰਵਾਰ ਨੂੰ ਬਣੇ ਸਨ ਪੰਜਾਬ ਕਾਂਗਰਸ ਦੇ ਪ੍ਰਧਾਨ

ਜ਼ਿਕਰਯੋਗ ਹੈ ਕਿ ਕਾਂਗਰਸ ਨੇ ਸ਼ੁੱਕਰਵਾਰ ਨੂੰ ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਸੀ। ਉਨ੍ਹਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਲਈ ਹੈ। ਨਿਯੁਕਤੀ ਤੋਂ ਬਾਅਦ ਪਰਗਟ ਸਿੰਘ ਨੇ ਕਿਹਾ ਸੀ ਕਿ ਉਹ ਪੰਜਾਬ ‘ਚ ਪੂਰੀ ਲਗਨ ਨਾਲ ਕੰਮ ਕਰਨਗੇ ਅਤੇ ਸੂਬੇ ‘ਚ ਕਾਂਗਰਸ ਦੀ ਸਰਕਾਰ ਬਣੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।