ਨਵੀਂ ਦਿੱਲੀ: ਪੰਜਾਬ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਹਨੀ ਦੀ ਅਪੀਲ ’ਤੇ ਦਿਲਜੀਤ ਦੋਸਾਂਝ ਨੇ ਵੱਡਾ ਕਦਮ ਚੁੱਕਿਆ ਹੈ। ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ 1 ਨਵੰਬਰ ਨੂੰ ਹੋਣ ਵਾਲਾ ਦਿਲਜੀਤ ਦਾ ਸ਼ੋਅ ਹੁਣ 30 ਅਕਤੂਬਰ ਨੂੰ ਕਰਵਾਇਆ ਜਾਵੇਗਾ। 1 ਨਵੰਬਰ 1984 ਦੇ ਸਿੱਖ-ਵਿਰੋਧੀ ਦੰਗਿਆਂ ਦੀ ਬਰਸੀ ਦਾ ਦਿਨ ਹੈ, ਅਤੇ ਇਸੇ ਸੰਵੇਦਨਸ਼ੀਲਤਾ ਨੂੰ ਧਿਆਨ ’ਚ ਰੱਖਦਿਆਂ ਕੰਸਰਟ ਦੀ ਤਾਰੀਖ਼ ਬਦਲੀ ਗਈ ਹੈ। ਬੁੱਕਮਾਈਸ਼ੋਅ ਨੇ ਵੀ ਇਸ ਬਦਲਾਅ ਦੀ ਅਧਿਕਾਰਤ ਜਾਣਕਾਰੀ ਜਾਰੀ ਕਰ ਦਿੱਤੀ ਹੈ।
MP ਸਹਨੀ ਦੀ ਅਪੀਲ ਰੰਗ ਲਿਆਈ
ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਹਨੀ ਨੇ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ’ਤੇ ਦਿਲਜੀਤ ਦੋਸਾਂਝ ਨੂੰ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਦਿਲਜੀਤ ਪੰਜਾਬ ਦੀ ਸ਼ਾਨ ਅਤੇ ਭਾਰਤ ਦੀ ਆਵਾਜ਼ ਹਨ, ਪਰ 1 ਨਵੰਬਰ 1984 ਦੇ ਸਿੱਖ ਕਤਲੇਆਮ ਦੀ ਬਰਸੀ ਹੈ ਅਤੇ ਹਜ਼ਾਰਾਂ ਪਰਿਵਾਰਾਂ ਲਈ ਉਹ ਦਿਨ ਅਜੇ ਵੀ ਦੁੱਖ ਨਾਲ ਭਰੇ ਹਨ। ਸਹਨੀ ਨੇ ਦਿਲਜੀਤ ਦੀ ਟੀਮ ਨੂੰ ਜੇਐੱਲਐੱਨ ਸਟੇਡੀਅਮ ’ਚ ਹੋਣ ਵਾਲੇ ਸ਼ੋਅ ਨੂੰ ਕਿਸੇ ਹੋਰ ਤਾਰੀਖ਼ ’ਤੇ ਕਰਵਾਉਣ ਦੀ ਅਪੀਲ ਕੀਤੀ ਸੀ, ਤਾਂ ਜੋ ਪੀੜਤਾਂ ਦੀ ਯਾਦ ਦਾ ਸਨਮਾਨ ਕੀਤਾ ਜਾ ਸਕੇ। ਇਸ ਅਪੀਲ ਤੋਂ ਬਾਅਦ ਹੁਣ ਸ਼ੋਅ ਦੀ ਨਵੀਂ ਤਾਰੀਖ਼ 30 ਅਕਤੂਬਰ ਤਹਿ ਕਰ ਦਿੱਤੀ ਗਈ ਹੈ।
ਟਿਕਟ ਖਰੀਦਣ ਵਾਲਿਆਂ ਲਈ ਜਾਣਕਾਰੀ
ਬੁੱਕਮਾਈਸ਼ੋਅ ਮੁਤਾਬਕ ਪਹਿਲਾਂ ਤੋਂ ਖਰੀਦੀਆਂ ਗਈਆਂ ਟਿਕਟਾਂ ਨਵੀਂ ਤਾਰੀਖ਼ ’ਤੇ ਵੀ ਵੈਧ ਰਹਿਣਗੀਆਂ। ਜਿਹੜੇ ਪ੍ਰਸ਼ੰਸਕ 30 ਅਕਤੂਬਰ ਨੂੰ ਸ਼ੋਅ ’ਚ ਨਹੀਂ ਆ ਸਕਦੇ, ਉਹ ਰਿਫ਼ੰਡ ਲਈ ਬੁੱਕਮਾਈਸ਼ੋਅ ਵੱਲੋਂ ਜਾਰੀ ਕੀਤੇ ਗਏ ਲਿੰਕ ਰਾਹੀਂ ਅਰਜ਼ੀ ਦੇ ਸਕਦੇ ਹਨ। ਪ੍ਰਸ਼ੰਸਕਾਂ ਨੂੰ ਆਪਣੇ ਰਜਿਸਟਰਡ ਸੰਪਰਕ ਵੇਰਵੇ ਅਪਡੇਟ ਰੱਖਣ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਰਿਫ਼ੰਡ ਸਬੰਧੀ ਕੋਈ ਸੂਚਨਾ ਉਨ੍ਹਾਂ ਨੂੰ ਮਿਲ ਸਕੇ।
ਰੂਪੇ ਆਊਰਾ ਇੰਡੀਆ ਟੂਰ ਦਾ ਸ਼ਡਿਊਲ
ਦਿੱਲੀ ਦਾ ਇਹ ਸ਼ੋਅ ਦਿਲਜੀਤ ਦੋਸਾਂਝ ਦੇ ਰੂਪੇ ਆਊਰਾ ਇੰਡੀਆ ਟੂਰ ਦਾ ਪਹਿਲਾ ਸ਼ੋਅ ਹੈ। ਦਿੱਲੀ ਤੋਂ ਬਾਅਦ ਟੂਰ ਇੰਦੌਰ, ਅਹਿਮਦਾਬਾਦ, ਮੁੰਬਈ, ਬੈਂਗਲੁਰੂ ਅਤੇ ਲਖਨਊ ’ਚ ਜਾਵੇਗਾ। ਐਲਾਨੇ ਸ਼ਡਿਊਲ ਮੁਤਾਬਕ ਅਹਿਮਦਾਬਾਦ ਦਾ ਸ਼ੋਅ 21 ਨਵੰਬਰ ਨੂੰ ਨਰਿੰਦਰ ਮੋਦੀ ਸਟੇਡੀਅਮ ’ਚ, ਮੁੰਬਈ ਦਾ 27 ਨਵੰਬਰ ਨੂੰ ਮਹਾਲਕਸ਼ਮੀ ਰੇਸਕੋਰਸ ’ਚ, ਬੈਂਗਲੁਰੂ ਦਾ 29 ਨਵੰਬਰ ਨੂੰ ਨਾਈਸ ਗਰਾਊਂਡਜ਼ ’ਚ ਅਤੇ ਲਖਨਊ ਦਾ 5 ਦਸੰਬਰ ਨੂੰ 19ਵੇਂ ਨੈਸ਼ਨਲ ਜੰਬੋਰੀ ਗਰਾਊਂਡ ’ਚ ਹੋਵੇਗਾ। ਚੰਡੀਗੜ੍ਹ ਨੂੰ ਵੀ ਟੂਰ ਦੇ ਸ਼ਹਿਰਾਂ ’ਚ ਸ਼ਾਮਲ ਕੀਤਾ ਗਿਆ ਹੈ, ਪਰ ਉੱਥੋਂ ਦੇ ਸ਼ੋਅ ਦੀ ਤਾਰੀਖ਼ ਅਤੇ ਸਥਾਨ ਦਾ ਐਲਾਨ ਅਜੇ ਬਾਕੀ ਹੈ।
