LPU ਫਗਵਾੜਾ ‘ਚ ਹਿੰਸਕ ਪ੍ਰਦਰਸ਼ਨ: 10 ਦਿਨ ਕਲਾਸਾਂ ਬੰਦ, ਜ਼ਬਰ-ਜਨਾਹ ਦਾ ਮਾਮਲਾ ਦਰਜ, 7 ਮੈਂਬਰੀ SIT ਗਠਿਤ |  LPU protest

ਫਗਵਾੜਾ: ਪੰਜਾਬ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ‘ਚ ਐਤਵਾਰ ਨੂੰ ਵਿਦਿਆਰਥੀਆਂ ਦਾ ਰੋਸ ਹਿੰਸਕ ਹੋ ਗਿਆ। ਗਰਲਜ਼ ਹੋਸਟਲ ‘ਚ ਇੱਕ ਵਿਦਿਆਰਥਣ ਨਾਲ ਕਥਿਤ ਜ਼ਬਰ-ਜਨਾਹ ਦੇ ਦੋਸ਼ਾਂ ਤੋਂ ਬਾਅਦ ਭੜਕੇ ਵਿਦਿਆਰਥੀਆਂ ਨੇ ਪੁਲਿਸ ‘ਤੇ ਪਥਰਾਅ ਕੀਤਾ, ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ (NH-44) ਨੂੰ 15 ਘੰਟਿਆਂ ਤੋਂ ਵੱਧ ਸਮੇਂ ਤੱਕ ਜਾਮ ਰੱਖਿਆ। ਹਾਲਾਤ ਨੂੰ ਦੇਖਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਨੇ 28 ਸਤੰਬਰ ਤੋਂ 10 ਦਿਨਾਂ ਲਈ ਕਲਾਸਾਂ ਮੁਅੱਤਲ ਕਰ ਦਿੱਤੀਆਂ ਹਨ ਅਤੇ ਮਿਡਟਰਮ ਪ੍ਰੀਖਿਆਵਾਂ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

ਕੀ ਹੈ ਪੂਰਾ ਮਾਮਲਾ

ਹੋਸਟਲ ‘ਚ ਰਹਿੰਦੀਆਂ ਵਿਦਿਆਰਥਣਾਂ ਦਾ ਦੋਸ਼ ਹੈ ਕਿ ਗਰਲਜ਼ ਹੋਸਟਲ ਨੰਬਰ 3 ‘ਚ ਇੱਕ ਕਰਮਚਾਰੀ ਨੇ ਵਿਦਿਆਰਥਣ ਨਾਲ ਜ਼ਬਰ-ਜਨਾਹ ਕੀਤਾ ਅਤੇ ਬਾਅਦ ‘ਚ ਉਸ ਨੇ ਖ਼ੁਦਕੁਸ਼ੀ ਕਰ ਲਈ। ਵਿਦਿਆਰਥਣਾਂ ਮੁਤਾਬਕ ਹੋਸਟਲ ਵਾਰਡਨ ਵੱਲੋਂ ਕੋਈ ਕਾਰਵਾਈ ਨਾ ਕਰਨ ‘ਤੇ ਉਹ ਐਤਵਾਰ ਸਵੇਰੇ 8 ਵਜੇ ਤੋਂ ਰੋਸ ‘ਤੇ ਬੈਠ ਗਈਆਂ। ਦੂਜੇ ਪਾਸੇ LPU ਪ੍ਰਸ਼ਾਸਨ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਹੈ ਕਿ ਕੈਂਪਸ ਦਾ ਮਾਹੌਲ ਖ਼ਰਾਬ ਕਰਨ ਲਈ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ।

ਪਥਰਾਅ, ਅੱਗਜ਼ਨੀ ਤੇ ਲਾਠੀਚਾਰਜ

ਸ਼ਾਮ ਨੂੰ ਜਦੋਂ ਪੁਲਿਸ ਨੇ ਹਾਈਵੇਅ ਤੋਂ ਧਰਨਾ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਟਕਰਾਅ ਹੋ ਗਿਆ। ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ, ਜਿਸ ਤੋਂ ਬਾਅਦ ਭੜਕੇ ਵਿਦਿਆਰਥੀਆਂ ਨੇ ਕੈਂਪਸ ‘ਚ ਪਥਰਾਅ ਕੀਤਾ ਅਤੇ ਪੁਲਿਸ ਵਾਹਨਾਂ ਨੂੰ ਅੱਗ ਲਗਾ ਦਿੱਤੀ। ਕੰਪਿਊਟਰ ਸਾਇੰਸ ਬਿਲਡਿੰਗ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ। ਸਥਿਤੀ ਕਾਬੂ ਕਰਨ ਲਈ ADGP ਐਮ.ਐਫ. ਫਾਰੂਕੀ ਦੀ ਅਗਵਾਈ ‘ਚ 2000 ਤੋਂ ਵੱਧ ਪੁਲਿਸ ਮੁਲਾਜ਼ਮ ਕੈਂਪਸ ‘ਚ ਤਾਇਨਾਤ ਕੀਤੇ ਗਏ।

CM ਮਾਨ ਦਾ ਸਖ਼ਤ ਕਾਰਵਾਈ ਦਾ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਨੇ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। CMO ਵੱਲੋਂ ਜਾਰੀ ਬਿਆਨ ਮੁਤਾਬਕ ਮੁੱਖ ਮੰਤਰੀ ਨੇ DGP ਗੌਰਵ ਯਾਦਵ ਨੂੰ ਖੁਦ ਮੌਕੇ ‘ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਦਿੱਤੇ ਹਨ।

ਮਾਮਲਾ ਦਰਜ, 7 ਮੈਂਬਰੀ SIT ਗਠਿਤ

ਹਿੰਸਕ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਜ਼ਬਰ-ਜਨਾਹ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਲਈ 7 ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਹੋਸਟਲਾਂ ‘ਚ ਸਾਰੀਆਂ ਵਿਦਿਆਰਥਣਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਹੋਸਟਲਾਂ ‘ਚ ਕਿਸੇ ਗੜਬੜੀ ਦੀਆਂ ਖ਼ਬਰਾਂ ਅਫ਼ਵਾਹਾਂ ਹਨ।

ਤਾਜ਼ਾ ਸਥਿਤੀ

ਜਲੰਧਰ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਮੁਤਾਬਕ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਨੂੰ NH-44 ‘ਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ ਅਤੇ ਹਾਲਾਤ ਕਾਬੂ ਹੇਠ ਹਨ। ਇਲਾਕੇ ‘ਚ ਇੰਟਰਨੈੱਟ ਸੇਵਾਵਾਂ ਵੀ ਅਸਥਾਈ ਤੌਰ ‘ਤੇ ਬੰਦ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜਪੁਰਾ ਦੀ ਚਿਤਕਾਰਾ ਯੂਨੀਵਰਸਿਟੀ ‘ਚ ਵੀ ਅਫ਼ਵਾਹਾਂ ਤੋਂ ਬਾਅਦ ਵਿਦਿਆਰਥੀਆਂ ‘ਚ ਰੋਸ ਫੈਲਿਆ ਸੀ, ਜਿਸ ਤੋਂ ਬਾਅਦ ਉੱਥੇ 4 ਦਿਨ ਕਲਾਸਾਂ ਮੁਅੱਤਲ ਕੀਤੀਆਂ ਗਈਆਂ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।