1984 ‘ਚ ਜੋ ਹੋਇਆ, ਉਹ ਗ਼ਲਤੀ ਸੀ! ਪਰਗਟ ਸਿੰਘ ਦਾ NDTV ਇੰਟਰਵਿਊ ‘ਚ ਵੱਡਾ ਬਿਆਨ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਕਾਂਗਰਸ ਲਈ ਸਭ ਤੋਂ ਸੰਵੇਦਨਸ਼ੀਲ ਐਤਿਹਾਸਕ ਮੁੱਦਾ ਦੱਸਦਿਆਂ ਸਾਫ਼ ਕਿਹਾ ਹੈ ਕਿ ਜੋ ਹੋਇਆ, ਉਹ ਗ਼ਲਤੀ ਸੀ। ਇੱਕ ਅੰਗਰੇਜ਼ੀ ਨਿਊਜ਼ ਚੈਨਲ ਨੂੰ ਦਿੱਤੇ ਆਪਣੇ ਐਕਸਕਲੂਸਿਵ ਇੰਟਰਵਿਊ ‘ਚ ਪਰਗਟ ਸਿੰਘ ਨੇ ਕਿਹਾ ਕਿ ਇਸ ਮੁੱਦੇ ਬਾਰੇ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪਹਿਲਾਂ ਵੀ ਬੋਲ ਚੁੱਕੇ ਹਨ, ਅਤੇ ਉਹ ਖ਼ੁਦ ਵੀ ਇਸਨੂੰ ਗ਼ਲਤੀ ਮੰਨਦੇ ਹਨ।

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਦਿਆਂ ਪਰਗਟ ਸਿੰਘ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਸਿਆਸੀ ਰਣਨੀਤੀ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰਜੀਹ ‘ਪੰਜਾਬ ਬ੍ਰਾਂਡ’ ਨੂੰ ਮੁੜ ਬਹਾਲ ਕਰਨਾ, ਲੋਕਾਂ ਦਾ ਵਿਸ਼ਵਾਸ ਮੁੜ ਜਿਤਣਾ ਅਤੇ ਸਿਆਸਤ ਨੂੰ ਨਿੱਜੀ ਹਮਲਿਆਂ ਤੋਂ ਗੰਭੀਰ ਮੁੱਦਿਆਂ ਵੱਲ ਲੈ ਕੇ ਜਾਣਾ ਹੈ।

1984 ‘ਤੇ ਕੀ ਕਿਹਾ?

ਇੰਟਰਵਿਊ ਦਾ ਸਭ ਤੋਂ ਚਰਚਿਤ ਹਿੱਸਾ 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਉਨ੍ਹਾਂ ਦੀ ਟਿੱਪਣੀ ਰਿਹਾ। ਪਰਗਟ ਸਿੰਘ ਨੇ ਇਸਨੂੰ ਕਾਂਗਰਸ ਦੇ ਸਭ ਤੋਂ ਸੰਵੇਦਨਸ਼ੀਲ ਐਤਿਹਾਸਕ ਮੁੱਦਿਆਂ ‘ਚੋਂ ਇੱਕ ਕਰਾਰ ਦਿੱਤਾ ਅਤੇ ਕਿਹਾ ਕਿ ਜੋ ਹੋਇਆ ਉਹ ਗ਼ਲਤੀ ਸੀ। ਉਨ੍ਹਾਂ ਕਿਹਾ ਕਿ ਅਤੀਤ ਤੋਂ ਸਿੱਖਣਾ ਚਾਹੀਦਾ ਹੈ, ਆਉਣ ਵਾਲੇ ਸਮੇਂ ਨੂੰ ਦੇਖਣਾ ਚਾਹੀਦਾ ਹੈ ਅਤੇ ਮੌਜੂਦਾ ਹਾਲਾਤਾਂ ‘ਚ ਜੋ ਸਹੀ ਹੈ, ਉਹ ਕਰਨਾ ਚਾਹੀਦਾ ਹੈ — ਅੱਗੇ ਵਧਣਾ ਹੀ ਪਏਗਾ।

1984 ਦਾ ਮੁੱਦਾ ਪੰਜਾਬ ਦੀ ਸਿਆਸਤ ‘ਚ ਅੱਜ ਵੀ ਜ਼ਿੰਦਾ ਹੈ, ਅਤੇ ਕਾਂਗਰਸ ਦੇ ਵਿਰੋਧੀ ਅਕਸਰ ਇਸੇ ਦੇ ਆਧਾਰ ‘ਤੇ ਸਿੱਖ ਵੋਟਰਾਂ ‘ਚ ਪਾਰਟੀ ਦੀ ਭਰੋਸੇਯੋਗਤਾ ‘ਤੇ ਸਵਾਲ ਉਠਾਉਂਦੇ ਹਨ। ਅਜਿਹੇ ‘ਚ ਨਵੇਂ ਪੰਜਾਬ ਕਾਂਗਰਸ ਪ੍ਰਧਾਨ ਦਾ ਇਹ ਬਿਆਨ ਸਿਆਸੀ ਤੌਰ ‘ਤੇ ਅਹਿਮ ਮੰਨਿਆ ਜਾ ਰਿਹਾ ਹੈ।

ਮੁੱਦਿਆਂ ਦੀ ਰਾਜਨੀਤੀ ਦੀ ਮੰਗ

ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਮੁੱਦਿਆਂ, ਸੁਸ਼ਾਸਨ ਅਤੇ ਲੰਬੇ ਸਮੇਂ ਦੀ ਯੋਜਨਾ ‘ਤੇ ਆਧਾਰਤ ਨਵੀਂ ਸਿਆਸੀ ਸੱਭਿਆਚਾਰ ਦੀ ਲੋੜ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਸਿਆਸਤ ਟਰੋਲਿੰਗ, ਰੀਲਾਂ, ਮਜ਼ਾਕ ਅਤੇ ਨਿੱਜੀ ਤੰਜ਼ਬਾਜ਼ੀ ਤੱਕ ਸੀਮਤ ਹੋ ਗਈ ਹੈ, ਜਿਸ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੁੰਦਾ। ਉਨ੍ਹਾਂ ਕਿਹਾ, “ਅੱਜ ਪਰਗਟ ਸਿੰਘ ਹੈ, ਭਗਵੰਤ ਮਾਨ ਜਾਂ ਸੁਖਬੀਰ ਬਾਦਲ ਹਨ — ਕੱਲ੍ਹ ਅਸੀਂ ਨਹੀਂ ਹੋਵਾਂਗੇ, ਪਰ ਪੰਜਾਬ ਤਾਂ ਰਹੇਗਾ।”

ਸੁਸ਼ਾਸਨ, ਸਿੱਖਿਆ ਅਤੇ ਨਸ਼ਾ ਸੰਕਟ

ਸੁਸ਼ਾਸਨ ਬਾਰੇ ਉਨ੍ਹਾਂ ਕਿਹਾ ਕਿ ਪੁਲਿਸ ਵਿਵਸਥਾ ‘ਚ ਤੁਰੰਤ ਸੁਧਾਰ ਦੀ ਲੋੜ ਹੈ, ਜਦਕਿ ਖੇਤੀਬਾੜੀ ਵੰਨ-ਸੁਵੰਨੀਕਰਨ ਅਤੇ ਸਿੱਖਿਆ ਲਈ ਲਗਾਤਾਰ ਲੰਬੇ ਸਮੇਂ ਦੀਆਂ ਨੀਤੀਆਂ ਚਾਹੀਦੀਆਂ ਹਨ। ਪੰਜਾਬ ਦੇ ਸਿੱਖਿਆ ਮੰਤਰੀ ਵਜੋਂ ਆਪਣੇ ਸੰਖੇਪ ਕਾਰਜਕਾਲ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਦਯੋਗ ਦੀਆਂ ਹੁਨਰ-ਲੋੜਾਂ ਅਤੇ ਨੌਜਵਾਨਾਂ ਦੇ ਹੁਨਰ ਵਿਚਕਾਰ ਪਾੜਾ ਹੈ, ਅਤੇ ਪਾਠਕ੍ਰਮ ਅੱਜ ਦੀਆਂ ਲੋੜਾਂ ਮੁਤਾਬਕ ਨਵੇਂ ਸਿਰੇ ਤੋਂ ਤਿਆਰ ਕਰਨੇ ਪੈਣਗੇ।

ਨਸ਼ਾ ਸੰਕਟ ਨੂੰ ਉਨ੍ਹਾਂ ਪ੍ਰਬੰਧਕੀ ਅਤੇ ਸਮਾਜਕ — ਦੋਵੇਂ ਪੱਖਾਂ ਦੀ ਸਮੱਸਿਆ ਦੱਸਿਆ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਅਨੁਸ਼ਾਸਨ, ਦਿਸ਼ਾ ਅਤੇ ਨਸ਼ੇ ਦਾ ਬਦਲ ਦੇ ਸਕਦੀਆਂ ਹਨ, ਅਤੇ ਸਕੂਲ ਪੱਧਰ ਤੋਂ ਉੱਚ ਪੱਧਰ ਤੱਕ ਖੇਡ ਵਿਕਾਸ ‘ਚ ਨਿਰੰਤਰਤਾ, ਬਿਹਤਰ ਕੋਚ ਅਤੇ ਢੁਕਵਾਂ ਬੁਨਿਆਦੀ ਢਾਂਚਾ ਲੋੜੀਂਦਾ ਹੈ।

ਧੜੇਬੰਦੀ ਦੇ ਸਵਾਲ ‘ਤੇ ਜਵਾਬ

ਪੰਜਾਬ ਕਾਂਗਰਸ ‘ਚ ਧੜੇਬੰਦੀ ਦੇ ਸਵਾਲ ‘ਤੇ ਪਰਗਟ ਸਿੰਘ ਨੇ ਅੰਦਰੂਨੀ ਬਹਿਸ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਜੇ ਲੋਕਤੰਤਰ ‘ਚ ਲੋਕ ਬੋਲ ਨਹੀਂ ਸਕਦੇ, ਤਾਂ ਉਹ ਇਸਨੂੰ ਲੋਕਤੰਤਰ ਹੀ ਨਹੀਂ ਮੰਨਦੇ — ਜ਼ੋਰਦਾਰ ਅਸਹਿਮਤੀ ਨੂੰ ਫੁੱਟ ਨਹੀਂ ਸਮਝਣਾ ਚਾਹੀਦਾ। ਇੰਟਰਵਿਊ ਦੇ ਅੰਤ ‘ਚ ਉਨ੍ਹਾਂ ਕਿਹਾ, “ਸਾਡੀ ਟੀਮ ਕਾਂਗਰਸ ਹੈ, ਸਾਡਾ ਮਕਸਦ ਪੰਜਾਬ ਹੈ, ਅਤੇ ਕਾਂਗਰਸ ਸਾਧਨ ਹੈ।”

ਜ਼ਿਕਰਯੋਗ ਹੈ ਕਿ ਸਾਬਕਾ ਭਾਰਤੀ ਹਾਕੀ ਕਪਤਾਨ ਪਰਗਟ ਸਿੰਘ ਨੂੰ 2 ਅਕਤੂਬਰ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਇਹ ਪਹਿਲੀ ਵਿਸਥਾਰਤ ਇੰਟਰਵਿਊ ਪੰਜਾਬ ਕਾਂਗਰਸ ਦੀ ਅਗਵਾਈ ਦੀ ਦਿਸ਼ਾ ਤੈਅ ਕਰਨ ਵਾਲੀ ਮੰਨੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।