ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲਿਆ: ਔਸਤ ਵੱਧ ਤੋਂ ਵੱਧ ਤਾਪਮਾਨ 2.1 ਡਿਗਰੀ ਡਿੱਗਿਆ, ਚੰਡੀਗੜ੍ਹ ‘ਚ ਪੰਜ ਸਾਲ ਬਾਅਦ ਸਤੰਬਰ ਵਿੱਚ ਠੰਢ, 6 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਅਤੇ ਬਿਜਲੀ ਦੀ ਮੰਗ 4,204 ਮੈਗਾਵਾਟ ਘਟੀ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਕਰਵਟ ਬਦਲ ਲਈ ਹੈ। ਸੂਬੇ ਵਿੱਚ ਹੋਏ ਮੀਂਹ ਅਤੇ ਪਹਾੜਾਂ ਵਿੱਚ ਹੋਈ ਬਰਫ਼ਬਾਰੀ ਨੇ ਤਾਪਮਾਨ ਵਿੱਚ ਕਾਫ਼ੀ ਕਮੀ ਕਰ ਦਿੱਤੀ ਹੈ। ਨਮੀਂ ਲਗਭਗ ਖ਼ਤਮ ਹੋ ਗਈ ਹੈ, ਜਦਕਿ ਸਵੇਰ ਅਤੇ ਸ਼ਾਮ ਨੂੰ ਠੰਡ ਦਾ ਅਹਿਸਾਸ ਹੋ ਰਿਹਾ ਹੈ। ਰਾਤ ਨੂੰ ਵੀ ਹਲਕੀ ਠੰਢ ਮਹਿਸੂਸ ਕੀਤੀ ਗਈ। ਹਾਲਾਂਕਿ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨੂੰ ਸਰਦੀਆਂ ਦੀ ਸ਼ੁਰੂਆਤ ਕਹਿਣਾ ਅਜੇ ਬਹੁਤ ਜਲਦੀ ਹੋਵੇਗਾ।
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ 2.1 ਡਿਗਰੀ ਸੈਲਸੀਅਸ ਘੱਟ ਗਿਆ ਹੈ ਅਤੇ ਹੁਣ ਇਹ ਆਮ ਨਾਲੋਂ 5.1 ਡਿਗਰੀ ਘੱਟ ਚੱਲ ਰਿਹਾ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 31.2 ਡਿਗਰੀ ਬਠਿੰਡਾ ਵਿੱਚ ਦਰਜ ਕੀਤਾ ਗਿਆ।
ਚੰਡੀਗੜ੍ਹ ਵਿੱਚ ਤਾਪਮਾਨ ਸਭ ਤੋਂ ਵੱਧ ਡਿੱਗਿਆ ਹੈ। ਇੱਥੇ 25.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਜੋ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨਾਲੋਂ ਘੱਟ ਹੈ। ਚੰਡੀਗੜ੍ਹ ਵਿੱਚ ਤਾਪਮਾਨ 5.1 ਡਿਗਰੀ ਘੱਟਿਆ ਹੈ ਅਤੇ ਆਮ ਨਾਲੋਂ 7.2 ਡਿਗਰੀ ਹੇਠਾਂ ਹੈ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਵਿੱਚ ਪੰਜ ਸਾਲਾਂ ਬਾਅਦ ਸਤੰਬਰ ਮਹੀਨੇ ਵਿੱਚ ਅਜਿਹੀ ਠੰਢ ਮਹਿਸੂਸ ਕੀਤੀ ਗਈ ਹੈ।
6 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ
ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ ਅਤੇ ਨਵਾਂਸ਼ਹਿਰ ਵਿੱਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਚੰਡੀਗੜ੍ਹ ਵਿੱਚ ਅੰਸ਼ਕ ਬੱਦਲਵਾਈ ਰਹੇਗੀ ਅਤੇ ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਬਿਜਲੀ ਦੀ ਮੰਗ ਵਿੱਚ ਵੱਡੀ ਗਿਰਾਵਟ
ਠੰਡੇ ਮੌਸਮ ਦਾ ਅਸਰ ਬਿਜਲੀ ਦੀ ਮੰਗ ‘ਤੇ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਬਿਜਲੀ ਦਾ ਲੋਡ ਹੁਣ ਲਗਭਗ 8,000 ਮੈਗਾਵਾਟ ਰਹਿ ਗਿਆ ਹੈ। ਅੱਜ ਬਿਜਲੀ ਦਾ ਲੋਡ 8,785 ਮੈਗਾਵਾਟ ਦਰਜ ਕੀਤਾ ਗਿਆ, ਜਦਕਿ 26 ਸਤੰਬਰ ਨੂੰ ਇਹ 12,989 ਮੈਗਾਵਾਟ ਸੀ। ਤਿੰਨ ਦਿਨਾਂ ਵਿੱਚ ਮੰਗ ਵਿੱਚ 4,204 ਮੈਗਾਵਾਟ ਦੀ ਕਮੀ ਆਈ ਹੈ।
ਖਪਤ ਵਿੱਚ ਕਮੀ ਕਾਰਨ ਪੰਜਾਬ ਦੀ ਬਾਹਰੀ ਬਿਜਲੀ ਦੀ ਲੋੜ ਵੀ ਘੱਟ ਗਈ ਹੈ। ਵਰਤਮਾਨ ਵਿੱਚ 3,710 ਮੈਗਾਵਾਟ ਬਿਜਲੀ ਦੀ ਵਰਤੋਂ ਹੋ ਰਹੀ ਹੈ, ਜਦਕਿ ਨਿਰਧਾਰਤ ਸਪਲਾਈ 3,448 ਮੈਗਾਵਾਟ ਹੈ।
