ਮਹਾਭਿਯੋਗ ਨਹੀਂ, ਹੁਣ ਸੜਕਾਂ ‘ਤੇ ਲੜਾਈ! CEC ਖ਼ਿਲਾਫ਼ INDIA ਗੱਠਜੋੜ ਦਾ ਵੱਡਾ ਫੈਸਲਾ

ਨਵੀਂ ਦਿੱਲੀ। ਦੇਸ਼ ਦੀ ਵਿਰੋਧੀ ਧਿਰ ਦੇ INDIA ਗੱਠਜੋੜ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਮਹਾਭਿਯੋਗ (impeachment) ਦੇ ਚਰਚੇ ਨੂੰ ਹਾਸ਼ੀਏ ‘ਤੇ ਪਾ ਦਿੱਤਾ ਹੈ। ਬੁੱਧਵਾਰ (30 ਸਤੰਬਰ) ਨੂੰ ਨਵੀਂ ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਵਿੱਚ ਹੋਈ ਵੱਡੀ ਮੀਟਿੰਗ ਵਿੱਚ ਲਗਭਗ 19 ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਹਿਮਤੀ ਬਣਾਈ ਕਿ ਹੁਣ ਕਾਨੂੰਨੀ ਦਾਅ-ਪੇਚ ਦੀ ਬਜਾਏ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ (SIR) ਤੇ ਕਥਿਤ ਚੋਣ ਧਾਂਦਲੀਆਂ ਖ਼ਿਲਾਫ਼ ਲੜਾਈ ਸੜਕਾਂ ‘ਤੇ ਲੜੀ ਜਾਵੇਗੀ।

ਇਹ ਮੀਟਿੰਗ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਸੋਨੀਆ ਗਾਂਧੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਕਈ ਵਿਰੋਧੀ ਨੇਤਾਵਾਂ ਦੀ ਹਾਜ਼ਰੀ ਵਿੱਚ ਹੋਈ। ਮੀਟਿੰਗ ਦਾ ਮੁੱਖ ਮੁੱਦਾ SIR, ਚੋਣ ਕਮਿਸ਼ਨ ਦੇ ਕੰਮਕਾਜ ਤੇ ਕਥਿਤ ਬੇਨਿਯਮੀਆਂ ਸਨ।

ਕਿਉਂ ਛੱਡਿਆ ਮਹਾਭਿਯੋਗ ਦਾ ਰਾਹ

ਮੀਟਿੰਗ ਵਿੱਚ ਰਾਜ ਸਭਾ ਮੈਂਬਰ ਤੇ ਸੀਨੀਅਰ ਵਕੀਲ ਕਪਿਲ ਸਿਬਲ ਨੇ ਕਿਹਾ ਕਿ 2023 ਵਿੱਚ ਬਣੇ ਕਾਨੂੰਨ ਤਹਿਤ ਮੁੱਖ ਚੋਣ ਕਮਿਸ਼ਨਰ ਨੂੰ ਕਾਨੂੰਨੀ ਕਾਰਵਾਈ ਤੇ ਗ੍ਰਿਫ਼ਤਾਰੀ ਤੋਂ ਸੁਰੱਖਿਆ ਮਿਲੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸੰਸਦ ਵਿੱਚ ਮਹਾਭਿਯੋਗ ਲਈ ਲੋੜੀਂਦਾ ਬਹੁਮਤ ਵਿਰੋਧੀ ਧਿਰ ਕੋਲ ਨਹੀਂ ਹੈ ਅਤੇ ਲੋਕ ਸਭਾ ਸਪੀਕਰ ਤੇ ਰਾਜ ਸਭਾ ਚੇਅਰਮੈਨ ਦੋਵੇਂ ਹੀ ਸੱਤਾਧਾਰੀ ਧਿਰ ਨਾਲ ਹਨ। ਇਸ ਲਈ ਮਹਾਭਿਯੋਗ ਦਾ ਰਾਹ ਅਮਲੀ ਤੌਰ ‘ਤੇ ਬੰਦ ਹੈ ਅਤੇ ਲੜਾਈ ਸਿਆਸੀ ਤੇ ਕਾਨੂੰਨੀ ਤਰੀਕਿਆਂ ਨਾਲ ਲੜੀ ਜਾਣੀ ਚਾਹੀਦੀ ਹੈ।

ਨਵੀਂ ਰਣਨੀਤੀ — ECINet ਤੇ FIR

ਮੀਟਿੰਗ ਵਿੱਚ ਸਿਬਲ ਨੇ ਨਵੀਂ ਰਣਨੀਤੀ ਦਾ ਖ਼ਾਕਾ ਪੇਸ਼ ਕੀਤਾ — ਚੋਣ ਕਮਿਸ਼ਨ ਦੇ ਆਈਟੀ ਵਿਭਾਗ ਦੇ ਡਾਇਰੈਕਟਰ ਜਨਰਲ ਸੀਮਾ ਖੰਨਾ ਖ਼ਿਲਾਫ਼ ਕਾਰਵਾਈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ECINet ਪਲੇਟਫਾਰਮ ਰਾਹੀਂ ਵੋਟਰ ਸੂਚੀਆਂ ਵਿੱਚ ਬਦਲਾਅ ਦੀ ਪ੍ਰਕਿਰਿਆ ਦਾ ਕੇਂਦਰੀਕਰਨ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਮੀਟਿੰਗ ਵਿੱਚ ਸਹਿਮਤੀ ਬਣੀ ਕਿ ਸਾਰੇ ਦੇਸ਼ ਵਿੱਚ ਸੀਮਾ ਖੰਨਾ ਖ਼ਿਲਾਫ਼ FIR ਦਰਜ ਕਰਵਾਈਆਂ ਜਾਣਗੀਆਂ, ਤਾਂ ਜੋ ਕਾਨੂੰਨੀ ਰਾਹ ਖੁੱਲ੍ਹਾ ਰਹੇ।

ਤੇਜਸਵੀ ਦਾ ਸੁਝਾਅ — ਸਬ-ਕਮੇਟੀ

RJD ਆਗੂ ਤੇਜਸਵੀ ਯਾਦਵ ਨੇ INDIA ਗੱਠਜੋੜ ਵਿੱਚ ਬਿਹਤਰ ਤਾਲਮੇਲ ਲਈ ਇੱਕ ਸਬ-ਕਮੇਟੀ ਬਣਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਸਿਖਰਲੇ ਆਗੂਆਂ ਦੀਆਂ ਮੀਟਿੰਗਾਂ ਲੰਬੇ ਅੰਤਰਾਲ ਬਾਅਦ ਹੁੰਦੀਆਂ ਹਨ, ਇਸ ਲਈ ਕੁਝ ਨੇਤਾਵਾਂ ਤੇ ਬੁਲਾਰਿਆਂ ਦੀ ਇੱਕ ਉਪ-ਸਮਿਤੀ ਬਣਾਈ ਜਾਵੇ ਜੋ ਤੁਰੰਤ ਤਾਲਮੇਲ ਕਰ ਸਕੇ। ਮੀਟਿੰਗ ਵਿੱਚ ਹਾਜ਼ਰ ਇੱਕ ਸੂਤਰ ਮੁਤਾਬਕ ਜ਼ਿਆਦਾਤਰ ਆਗੂਆਂ ਨੇ ਇਸ ਸੁਝਾਅ ‘ਤੇ ਸਹਿਮਤੀ ਜਤਾਈ।

ਕੌਣ ਆਇਆ, ਕੌਣ ਗੈਰਹਾਜ਼ਰ

ਦਿਲਚਸਪ ਗੱਲ ਇਹ ਰਹੀ ਕਿ ਇਹ ਮੀਟਿੰਗ ਪੂਰੀ ਤਰ੍ਹਾਂ ਏਕਤਾ ਦਾ ਪ੍ਰਦਰਸ਼ਨ ਨਹੀਂ ਬਣ ਸਕੀ। AAP ਨੇ ਮੀਟਿੰਗ ਵਿੱਚ ਹਿੱਸਾ ਨਹੀਂ ਲਿਆ — ਪਾਰਟੀ ਦਾ ਕਹਿਣਾ ਹੈ ਕਿ ਉਹ ਹੁਣ INDIA ਗੱਠਜੋੜ ਦਾ ਹਿੱਸਾ ਨਹੀਂ ਹੈ, ਹਾਲਾਂਕਿ ਗਿਆਨੇਸ਼ ਕੁਮਾਰ ਖ਼ਿਲਾਫ਼ ਮਹਾਭਿਯੋਗ ਮੋਸ਼ਨ ਦਾ ਸਮਰਥਨ ਕਰਦੀ ਹੈ। DMK ਵੀ ਮੀਟਿੰਗ ਤੋਂ ਦੂਰ ਰਹੀ, ਜਦੋਂ ਕਿ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਪ੍ਰਤੀਨਿਧੀ ਭੇਜਿਆ, ਸ਼ਰਦ ਪਵਾਰ ਨਹੀਂ ਆਏ ਅਤੇ ਸ਼ਿਵ ਸੈਨਾ (UBT) ਵੀਡੀਓ ਕਾਨਫਰੰਸ ਰਾਹੀਂ ਜੁੜੀ। ਉੱਦਵ ਠਾਕਰੇ ਨੇ ਵਰਚੁਅਲ ਹਾਜ਼ਰੀ ਦੌਰਾਨ CJI ‘ਤੇ ਤਿੱਖਾ ਹਮਲਾ ਕੀਤਾ ਤੇ CJP ਪ੍ਰਦਰਸ਼ਨ ਨੂੰ ਸਮਰਥਨ ਦਿੱਤਾ।

ਮੀਟਿੰਗ ਵਿੱਚ ਰਾਹੁਲ ਗਾਂਧੀ ਨੇ ਮਮਤਾ ਬੈਨਰਜੀ ਨਾਲ ਬੰਗਾਲ ਚੋਣਾਂ ਤੋਂ ਬਾਅਦ ਦੱਖਣੀ ਕੋਲਕਾਤਾ ਦੀ ਇੱਕ ਸਰਕਾਰੀ ਇਮਾਰਤ ਵਿੱਚ ਵੱਡੀ ਗਿਣਤੀ EVM ਸਾੜੇ ਜਾਣ ਦਾ ਮੁੱਦਾ ਚੁੱਕਿਆ। ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਵੱਲੋਂ ਆਈਟੀ ਤੇ ਹੋਰ ਵੈਂਡਰਾਂ ਨੂੰ ਦਿੱਤੇ ਠੇਕਿਆਂ ਦੀ ਪੂਰੀ ਜਾਂਚ ਦੀ ਮੰਗ ਉਠਾਈ ਅਤੇ ਗੱਠਜੋੜ ਨੂੰ ਵਿਸਤਾਰ ਦੇਣ ਦੀ ਅਪੀਲ ਕੀਤੀ। CPI(M) ਦੇ ਜਨਰਲ ਸਕੱਤਰ M.A. ਬੇਬੀ ਨੇ ਕਿਹਾ ਕਿ ਇਹ ਲੜਾਈ ਸਿਰਫ਼ ਚੋਣ ਕਮਿਸ਼ਨ ਨਹੀਂ, ਸਗੋਂ RSS ਖ਼ਿਲਾਫ਼ ਹੈ, ਇਸ ਲਈ ਨਾਗਰਿਕਾਂ ਤੇ ਸਿਵਲ ਸੁਸਾਇਟੀ ਨੂੰ ਵੀ ਜੋੜਨਾ ਪਵੇਗਾ।

ਚੋਣ ਕਮਿਸ਼ਨ ਦੀ ਸਫ਼ਾਈ

ਦੂਜੇ ਪਾਸੇ ਚੋਣ ਕਮਿਸ਼ਨ ਨੇ ਗਲਤ ਕੰਮ ਦੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਕਮਿਸ਼ਨ ਦਾ ਕਹਿਣਾ ਹੈ ਕਿ SIR ਨਾਲ ਸਬੰਧਿਤ ਸਾਰੇ ਫੈਸਲੇ ਨਿਰਧਾਰਿਤ ਪ੍ਰਕਿਰਿਆਵਾਂ ਅਨੁਸਾਰ ਲਏ ਗਏ ਹਨ। ਨਾਲ ਹੀ ਕਮਿਸ਼ਨ ਨੇ ਚੋਣ ਡੇਟਾ ਵਿੱਚ ਬਦਲਾਅ ਨੂੰ ਲੈ ਕੇ ਉੱਠੀਆਂ ਚਿੰਤਾਵਾਂ ਤੋਂ ਬਾਅਦ ਆਪਣੇ ਵੋਟਰ-ਰੋਲ ਸਾਫ਼ਟਵੇਅਰ ਦੀ ਸਮੀਖਿਆ ਦਾ ਵੀ ਐਲਾਨ ਕੀਤਾ ਹੈ।

ਦੱਸ ਦੇਈਏ ਕਿ ਗਿਆਨੇਸ਼ ਕੁਮਾਰ ਖ਼ਿਲਾਫ਼ 73 ਸੰਸਦ ਮੈਂਬਰਾਂ ਦੇ ਦਸਤਖ਼ਤ ਵਾਲਾ ਨੋਟਿਸ ਪਹਿਲਾਂ ਹੀ ਰਾਜ ਸਭਾ ਵਿੱਚ ਲੰਬਿਤ ਹੈ। ਹਾਲਾਂਕਿ PTI ਦੀ ਰਿਪੋਰਟ ਮੁਤਾਬਕ 30 ਸਤੰਬਰ ਦੀ ਮੀਟਿੰਗ ਵਿੱਚ ਮਹਾਭਿਯੋਗ ਦਾ ਮੁੱਦਾ ਸਿੱਧੇ ਤੌਰ ‘ਤੇ ਚਰਚਾ ਵਿੱਚ ਨਹੀਂ ਆਇਆ — ਜ਼ੋਰ ਤਾਲਮੇਲ ਵਾਲੀ ਸਿਆਸੀ ਤੇ ਕਾਨੂੰਨੀ ਕਾਰਵਾਈ ‘ਤੇ ਰਿਹਾ। ਅਗਲੇ ਦਿਨਾਂ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਜ਼ਿਲ੍ਹਾ ਪੱਧਰ ‘ਤੇ ਮਾਰਚ, ਰੈਲੀਆਂ ਤੇ ਪ੍ਰਦਰਸ਼ਨਾਂ ਦਾ ਤਾਲਮੇਲ ਵਾਲਾ ਪ੍ਰੋਗਰਾਮ ਤੈਅ ਹੋਣ ਦੀ ਸੰਭਾਵਨਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।