71 ਨਸ਼ਾ ਕਾਰਟਲਾਂ ਦੀ ਸ਼ਨਾਖਤ! ਹਰਿਆਣਾ ਸਰਕਾਰ ਦੀ ਵੱਡੀ ਕਾਰਵਾਈ — 3,809 ਕੇਸ, 6,824 ਗ੍ਰਿਫ਼ਤਾਰ

71 ਨਸ਼ਾ ਕਾਰਟਲਾਂ ਦੀ ਸ਼ਨਾਖਤ! ਹਰਿਆਣਾ ਸਰਕਾਰ ਦੀ ਵੱਡੀ ਕਾਰਵਾਈ

ਚੰਡੀਗੜ੍ਹ — ਹਰਿਆਣਾ ਸਰਕਾਰ ਨੇ ਨਸ਼ਾ ਤਸਕਰੀ ਖ਼ਿਲਾਫ਼ ਸਖ਼ਤ ਮੋਹਿੰਮ ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਸੋਮਵਾਰ ਨੂੰ ਚੰਡੀਗੜ੍ਹ ‘ਚ ਹੋਈ ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ (HSNCB) ਦੀ ਉੱਚ ਪੱਧਰੀ ਬੈਠਕ ‘ਚ ਦੱਸਿਆ ਗਿਆ ਕਿ ਸੂਬੇ ‘ਚ 71 ਨਸ਼ਾ ਕਾਰਟਲਾਂ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਹੁਣ ਇਨ੍ਹਾਂ ਦੇ ਪੂਰੇ ਨੈੱਟਵਰਕ ਨੂੰ ਢਾਹਿਆ ਜਾ ਰਿਹਾ ਹੈ। ਬੈਠਕ ਦੀ ਅਗਵਾਈ ਚੀਫ਼ ਸਕੱਤਰ ਅਨੁਰਾਗ ਰਸਤੋਗੀ ਨੇ ਕੀਤੀ।

ਜਨਵਰੀ ਤੋਂ ਸਤੰਬਰ 2026 ਤੱਕ ਹਰਿਆਣਾ ‘ਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ (NDPS) ਐਕਟ ਤਹਿਤ 3,809 ਮੁਕੱਦਮੇ ਦਰਜ ਕੀਤੇ ਗਏ ਅਤੇ 6,824 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ। ਪਿਛਲੇ ਸਾਲ ਦੇ ਇਸੇ ਸਮੇਂ ਨਾਲ ਤੁਲਨਾ ਕੀਤੀ ਜਾਵੇ ਤਾਂ ਕੇਸਾਂ ‘ਚ 39.93 ਫ਼ੀਸਦੀ ਅਤੇ ਗ੍ਰਿਫ਼ਤਾਰੀਆਂ ‘ਚ 26.53 ਫ਼ੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਜਨਵਰੀ-ਸਤੰਬਰ ‘ਚ 2,722 ਕੇਸ ਦਰਜ ਹੋਏ ਸਨ ਅਤੇ 5,393 ਮੁਲਜ਼ਮ ਫੜ੍ਹੇ ਗਏ ਸਨ।

71 ਕਾਰਟਲਾਂ ਦੇ ਨੈੱਟਵਰਕ ਨੂੰ ਢਾਹਣ ‘ਤੇ ਜ਼ੋਰ

HSNCB ਦੇ ਚੇਅਰਮੈਨ ਸੰਜੇ ਕੁਮਾਰ ਨੇ ਬੈਠਕ ‘ਚ ਦੱਸਿਆ ਕਿ 71 ਨਸ਼ਾ ਕਾਰਟਲਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਇਨ੍ਹਾਂ ਦੇ ਨੈੱਟਵਰਕਾਂ ਨੂੰ ਖਤਮ ਕਰਨ ਦੀ ਕਾਰਵਾਈ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਡਾਰਕ ਵੈੱਬ ਅਤੇ ਕ੍ਰਿਪਟੋਕਰੰਸੀ ਰਾਹੀਂ ਹੋਣ ਵਾਲੀ ਤਸਕਰੀ ਦੀ ਜਾਂਚ ਲਈ ਇੱਕ ਵਿਸ਼ੇਸ਼ ਯੂਨਿਟ ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਕੰਮ ਲਈ ਇੱਕ ਸਾਈਬਰ ਮਾਹਿਰ ਨੂੰ ਵੀ ਨਾਲ ਜੋੜਿਆ ਗਿਆ ਹੈ।

ਅਮਿਤ ਸ਼ਾਹ ਦੇ ਟੀਚੇ ਨੂੰ ਧਿਆਨ ‘ਚ ਰੱਖ ਕੇ ਸਮਾਂਬੱਧ ਰਣਨੀਤੀ

ਵਧੀਕ ਚੀਫ਼ ਸਕੱਤਰ (ਗ੍ਰਹਿ) ਸੁਧੀਰ ਰਾਜਪਾਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੇ ਟੀਚੇ ਨੂੰ ਧਿਆਨ ‘ਚ ਰੱਖ ਕੇ ਨਸ਼ਾ ਤਸਕਰੀ ਖਤਮ ਕਰਨ ਲਈ ਸਮਾਂਬੱਧ ਅਤੇ ਬਹੁ-ਪੱਖੀ ਰਣਨੀਤੀ ਅਪਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮ ਉਸੇ ਗੰਭੀਰਤਾ ਨਾਲ ਚਲਾਈ ਜਾਵੇਗੀ ਜਿਸ ਨਾਲ ਅੱਤਵਾਦ ਅਤੇ ਨਕਸਲਵਾਦ ਖਤਮ ਕਰਨ ਦਾ ਕੰਮ ਕੀਤਾ ਗਿਆ ਹੈ। ਸੂਬੇ ਦੀ ਰਣਨੀਤੀ ਰਾਸ਼ਟਰੀ ਨਸ਼ਾ ਨਿਯੰਤਰਣ ਫਰੇਮਵਰਕ 2026–29 ਨਾਲ ਜੁੜੀ ਹੋਵੇਗੀ।

ਵੱਡੇ ਸਮੱਗਲਰਾਂ ‘ਤੇ ਨਜ਼ਰ — ਜਾਇਦਾਦਾਂ ਦੀ ਕੁਰਕੀ ਵਧੀ

ਵਪਾਰਕ ਮਾਤਰਾ ਵਾਲੇ ਕੇਸਾਂ ਦੀ ਗਿਣਤੀ 346 ਤੋਂ ਵਧ ਕੇ 380 ਹੋ ਗਈ, ਜਦਕਿ ਦਰਮਿਆਨੀ ਮਾਤਰਾ ਵਾਲੇ ਕੇਸ 1,887 ਤੋਂ ਵਧ ਕੇ 2,844 ਹੋ ਗਏ — ਇਕੱਲੇ ਇਸ ਸ਼੍ਰੇਣੀ ‘ਚ 50.72 ਫ਼ੀਸਦੀ ਦਾ ਵਾਧਾ ਹੋਇਆ। ਜਨਵਰੀ-ਸਤੰਬਰ 2026 ‘ਚ 113 ਕੇਸਾਂ ‘ਚ 19.52 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ, ਜਦਕਿ ਪਿਛਲੇ ਸਾਲ ਇਸੇ ਮਿਆਦ ‘ਚ 49 ਕੇਸਾਂ ‘ਚ 5.92 ਕਰੋੜ ਰੁਪਏ ਦੀ ਜਾਇਦਾਦ ਕੁਰਕ ਹੋਈ ਸੀ। 2022 ਤੋਂ ਸਤੰਬਰ 2026 ਤੱਕ 167 ਤਸਕਰਾਂ ਨਾਲ ਜੁੜੀਆਂ 176 ਗੈਰਕਾਨੂੰਨੀ ਇਮਾਰਤਾਂ ਢਾਹ ਦਿੱਤੀਆਂ ਗਈਆਂ। HSNCB ਮੁੱਖ ਦਫ਼ਤਰ ‘ਚ ਇੱਕ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸੈੱਲ ਵੀ ਕਾਇਮ ਕੀਤਾ ਗਿਆ ਹੈ, ਅਤੇ ਚਾਰ ਕੋਰਸਾਂ ਰਾਹੀਂ 139 ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਗਈ।

ਹੀਰੋਇਨ ਦੀ ਫੜ੍ਹ ਲਗਭਗ ਦੁੱਗਣੀ, ਨਵੀਆਂ ਦਵਾਈਆਂ ਦੀ ਚਿੰਤਾ

ਫੜ੍ਹੀ ਗਈ ਹੀਰੋਇਨ ਦੀ ਮਾਤਰਾ 43.176 ਕਿਲੋ ਤੋਂ ਵਧ ਕੇ 84.695 ਕਿਲੋ ਹੋ ਗਈ — 96.16 ਫ਼ੀਸਦੀ ਦਾ ਵਾਧਾ। ਅਫ਼ੀਮ ਦੀ ਫੜ੍ਹ 235.550 ਕਿਲੋ ਤੋਂ ਵਧ ਕੇ 430.326 ਕਿਲੋ ਅਤੇ ਕੋਕੀਨ 1,004.76 ਗ੍ਰਾਮ ਤੋਂ ਵਧ ਕੇ 2,958.757 ਗ੍ਰਾਮ ਹੋ ਗਈ। ਬੈਠਕ ‘ਚ ਨਵੇਂ ਰੁਝਾਨ ‘ਤੇ ਵੀ ਚਿੰਤਾ ਜਤਾਈ ਗਈ — ਪ੍ਰੈਗਾਬਲਿਨ, ਜ਼ੋਪਿਕਲੋਨ ਅਤੇ ਟਾਪੇਂਟਾਡੋਲ ਵਰਗੀਆਂ ਦਵਾਈਆਂ ਦੀ ਗ਼ੈਰਕਾਨੂੰਨੀ ਵਰਤੋਂ ਅਤੇ ਪੂਰਵ-ਰਸਾਇਣਾਂ (ਪ੍ਰੀਕਰਸਰ ਕੈਮੀਕਲਜ਼) ਦੀ ਨਿਗਰਾਨੀ ਹੁਣ ਵਧਾਈ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।