ਅੱਜ 36.87 ਲੱਖ ਔਰਤਾਂ ਦੇ ਖਾਤਿਆਂ ਵਿੱਚ ਆਉਣਗੇ ₹1,262 ਕਰੋੜ! ਗੋਇੰਦਵਾਲ ਸਾਹਿਬ ਤੋਂ CM ਮਾਨ ਜਾਰੀ ਕਰਨਗੇ ਤੀਜੀ ਕਿਸ਼ਤ

ਪੰਜਾਬ ਦੀਆਂ ਲੱਖਾਂ ਔਰਤਾਂ ਲਈ ਅੱਜ ਦਾ ਦਿਨ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਗੋਇੰਦਵਾਲ ਸਾਹਿਬ ਵਿਖੇ ਸੂਬਾ-ਪੱਧਰੀ ਸਮਾਗਮ ਵਿੱਚ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਅਗਲੇ ਤਿੰਨ ਮਹੀਨਿਆਂ ਦੀ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਾਰੀ ਕਰਨਗੇ। ਇਸ ਕਿਸ਼ਤ ਵਿੱਚ ਕੁੱਲ 1,262.54 ਕਰੋੜ ਰੁਪਏ ਦੀ ਰਾਸ਼ੀ 3,687,677 ਔਰਤਾਂ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਜਾਵੇਗੀ।

ਅੱਜ ਗੋਇੰਦਵਾਲ ਸਾਹਿਬ ਤੋਂ ਹੋਵੇਗੀ ਰਾਸ਼ੀ ਜਾਰੀ

ਮੁੱਖ ਮੰਤਰੀ ਭਗਵੰਤ ਮਾਨ ਅੱਜ ਖਡੂਰ ਸਾਹਿਬ ਹਲਕੇ ਦੇ ਗੋਇੰਦਵਾਲ ਸਾਹਿਬ ਵਿਖੇ ਹੋਣ ਵਾਲੇ ਸੂਬਾ-ਪੱਧਰੀ ਸਮਾਗਮ ਵਿੱਚ ਇਹ ਰਾਸ਼ੀ ਜਾਰੀ ਕਰਨਗੇ। ਯੋਜਨਾ ਤਹਿਤ ਇਹ ਤੀਜੀ ਕਿਸ਼ਤ ਹੈ, ਜਿਸ ਵਿੱਚ ਅਗਲੇ ਤਿੰਨ ਮਹੀਨਿਆਂ ਦਾ ਮਾਣਭੱਤਾ ਇਕੱਠਿਆਂ ਭੇਜਿਆ ਜਾ ਰਿਹਾ ਹੈ। ਪੈਸਾ ਡਾਇਰੈਕਟ ਬੈਨੀਫਿਟ ਟਰਾਂਸਫਰ (DBT) ਰਾਹੀਂ ਸਿੱਧਾ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚੇਗਾ, ਤਾਂ ਜੋ ਕੋਈ ਵਿਚੋਲਾ ਨਾ ਆਵੇ ਅਤੇ ਰਾਸ਼ੀ ਪੂਰੀ ਦੀ ਪੂਰੀ ਲਾਭਪਾਤਰੀ ਤੱਕ ਪਹੁੰਚੇ।

ਕਿਸ ਨੂੰ ਕਿੰਨੀ ਰਾਸ਼ੀ ਮਿਲੇਗੀ?

ਯੋਜਨਾ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ ਤਿੰਨ ਮਹੀਨਿਆਂ ਦਾ 3,000 ਰੁਪਏ ਦਾ ਮਾਣਭੱਤਾ ਮਿਲਦਾ ਹੈ, ਜਦੋਂ ਕਿ ਅਨੁਸੂਚਿਤ ਜਾਤੀਆਂ ਦੀਆਂ ਔਰਤਾਂ ਨੂੰ 4,500 ਰੁਪਏ ਮਿਲਦੇ ਹਨ। ਯਾਨੀ ਹਰ ਮਹੀਨੇ ਜਨਰਲ ਵਰਗ ਲਈ 1,000 ਅਤੇ SC ਵਰਗ ਲਈ 1,500 ਰੁਪਏ। ਪਹਿਲੀ ਕਿਸ਼ਤ ਵਿੱਚ ਲਗਭਗ 33 ਲੱਖ ਔਰਤਾਂ ਨੂੰ 1,147 ਕਰੋੜ ਰੁਪਏ ਮਿਲੇ ਸਨ। ਰਿਪੋਰਟਾਂ ਅਨੁਸਾਰ ਹੁਣ ਤੱਕ ਕਰੀਬ 74 ਲੱਖ ਔਰਤਾਂ ਇਸ ਯੋਜਨਾ ਨਾਲ ਜੁੜ ਚੁੱਕੀਆਂ ਹਨ ਅਤੇ ਅੱਜ ਦੀ ਕਿਸ਼ਤ ਨਾਲ ਕੁੱਲ 2,562 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਹੁੰਚ ਜਾਵੇਗੀ।

CM ਮਾਨ ਦਾ ਟਵੀਟ ਵਾਇਰਲ

ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਨ੍ਹਾਂ ਨੇ ਲਿਖਿਆ, “ਅੱਜ ਖਡੂਰ ਸਾਹਿਬ ਤੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਅਗਲੇ ਤਿੰਨ ਮਹੀਨਿਆਂ ਦੀ ਰਾਸ਼ੀ ਸਿੱਧੀ ਖਾਤਿਆਂ ਵਿੱਚ ਜਾਰੀ ਕਰਨ ਜਾ ਰਹੇ ਹਾਂ.. ਲੋਕਾਂ ਦਾ ਪੈਸਾ, ਲੋਕਾਂ ਦੇ ਨਾਮ!” ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਦਸੰਬਰ ਤੱਕ ਦੇ ਪੈਸੇ ਖਾਤਿਆਂ ਵਿੱਚ ਜਮ੍ਹਾਂ ਹੋਣਗੇ।

2027 ਚੋਣਾਂ ਤੋਂ ਪਹਿਲਾਂ ਭਲਾਈ ਸਕੀਮਾਂ ਦਾ ਜ਼ੋਰ

ਇਹ ਰਾਸ਼ੀ ਜਾਰੀ ਹੋਣਾ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਤੌਰ ‘ਤੇ ਵੀ ਅਹਿਮ ਮੰਨਿਆ ਜਾ ਰਿਹਾ ਹੈ। ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਆਮ ਆਦਮੀ ਪਾਰਟੀ ਸਰਕਾਰ ਦੇ ਚੋਣ ਮੈਨੀਫੈਸਟੋ ਦੇ ਵਾਅਦਿਆਂ ਵਿੱਚੋਂ ਇੱਕ ਸੀ, ਜਿਸਨੂੰ ਸਰਕਾਰ ਆਪਣੀ ਸਭ ਤੋਂ ਵੱਡੀ ਔਰਤ-ਕੇਂਦ੍ਰਿਤ ਭਲਾਈ ਸਕੀਮ ਦੱਸਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਵਿਧਵਾ, ਦਿਵਿਆਂਗ ਅਤੇ ਬੁਢਾਪਾ ਪੈਨਸ਼ਨ ਲੈ ਰਹੀਆਂ ਔਰਤਾਂ ਨੂੰ ਵੀ ਇਸ ਯੋਜਨਾ ਤਹਿਤ ਵਾਧੂ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਕਿਸੇ ਵੀ ਯੋਗ ਔਰਤ ਨੂੰ ਇਸ ਤੋਂ ਬਾਹਰ ਨਹੀਂ ਰੱਖਿਆ ਜਾਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।