ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫ਼ੇ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਵਿਚਕਾਰ ਵੜਿੰਗ ਨੇ ਪਹਿਲੀ ਵਾਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਇਸ ਮਾਮਲੇ ‘ਤੇ ਕੋਈ ਸਪੱਸ਼ਟ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਸਹੀ ਸਮਾਂ ਆਵੇਗਾ ਤਾਂ ਉਹ ਸਭ ਕੁਝ ਦੱਸ ਦੇਣਗੇ।
ਵੜਿੰਗ ਦੀ ਪਹਿਲੀ ਪ੍ਰਤੀਕਿਰਿਆ
ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਵੇਰੇ ਸੈਰ ਤੋਂ ਵਾਪਸ ਆਉਣ ‘ਤੇ ਪੱਤਰਕਾਰਾਂ ਨੂੰ ਕਿਹਾ, “ਹਾਲੇ ਮੈਂ ਸੈਰ ਤੋਂ ਵਾਪਸ ਆਇਆ ਹਾਂ। ਨਹਾਉਣ ਅਤੇ ਫ੍ਰੈਸ਼ ਹੋਣ ਤੋਂ ਬਾਅਦ ਤੁਹਾਨੂੰ ਅਪਡੇਟ ਕਰਾਂਗਾ।” ਬਾਅਦ ਵਿੱਚ ਚੰਡੀਗੜ੍ਹ ਵਿੱਚ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ, “ਮੈਂ ਕਿਸੇ ਵੀ ਵਿਸ਼ੇ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਜਦੋਂ ਸਹੀ ਸਮਾਂ ਆਵੇਗਾ ਤਾਂ ਮੈਂ ਤੁਹਾਨੂੰ ਦੱਸ ਦਿਆਂਗਾ।”
ਦਿੱਲੀ ਸਥਿਤ ਕਾਂਗਰਸ ਹੈੱਡਕੁਆਰਟਰ ਜਾਣ ਦੇ ਸਵਾਲ ‘ਤੇ ਵੜਿੰਗ ਨੇ ਕਿਹਾ ਕਿ “ਕੁਝ ਗੱਲਾਂ ਅੰਦਰੂਨੀ ਹੁੰਦੀਆਂ ਹਨ।” ਉਨ੍ਹਾਂ ਨੇ ਅਸਤੀਫ਼ੇ ਦੀ ਪੁਸ਼ਟੀ ਨਹੀਂ ਕੀਤੀ, ਪਰ ਉਨ੍ਹਾਂ ਦੀ ਇਸ ਟਿੱਪਣੀ ਨੂੰ ਹਾਈਕਮਾਨ ਦੇ ਫੈਸਲੇ ਵੱਲ ਅਸਿੱਧਾ ਇਸ਼ਾਰਾ ਮੰਨਿਆ ਜਾ ਰਿਹਾ ਹੈ।
ਪਿਛੋਕੜ: ਪਾਇਲਟ ਦੀ ਰਿਪੋਰਟ ਤੋਂ ਫੈਸਲੇ ਤੱਕ
ਸੂਤਰਾਂ ਅਨੁਸਾਰ ਪੰਜਾਬ ਦੇ ਇੰਚਾਰਜ ਸਚਿਨ ਪਾਇਲਟ ਦੀ ਰਿਪੋਰਟ ਤੋਂ ਬਾਅਦ ਹਾਈਕਮਾਨ ਨੇ ਵੜਿੰਗ ਨੂੰ ਬਦਲਣ ਦਾ ਫੈਸਲਾ ਲਿਆ। ਪੀਟੀਆਈ ਦੀ ਰਿਪੋਰਟ ਅਨੁਸਾਰ ਇਹ ਫੈਸਲਾ ਵੜਿੰਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਅੰਦਰਲੀ ਧੜੇਬੰਦੀ ਅਤੇ ਚੋਣ ਨਤੀਜਿਆਂ ਨੂੰ ਲੈ ਕੇ ਉਠੇ ਸਵਾਲਾਂ ਨੂੰ ਇਸ ਫੈਸਲੇ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਸਿੰਗਲਾ ਦੇ ਘਰ ਮੀਡੀਆ ਦਾ ਜਮਾਵੜਾ
ਦੂਜੇ ਪਾਸੇ, ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਵਿਜੇਇੰਦਰ ਸਿੰਗਲਾ ਦੇ ਨਾਮ ਦੀਆਂ ਚਰਚਾਵਾਂ ਵਿਚਕਾਰ ਉਨ੍ਹਾਂ ਦੇ ਘਰ ਬਾਹਰ ਮੀਡੀਆ ਦਾ ਜਮਾਵੜਾ ਲੱਗਿਆ ਹੋਇਆ ਹੈ। ਸਿੰਗਲਾ ਨੇ ਕਿਹਾ, “ਮੈਨੂੰ ਕੋਈ ਪਤਾ ਨਹੀਂ ਸੀ ਕਿ ਮੈਨੂੰ ਪ੍ਰਧਾਨ ਨਾਮਜ਼ਦ ਕੀਤਾ ਜਾ ਰਿਹਾ ਹੈ। ਮੈਨੂੰ ਸਿਰਫ਼ ਮੀਡੀਆ ਤੋਂ ਪਤਾ ਲੱਗਾ ਕਿ ਮੇਰਾ ਨਾਮ ਸਭ ਤੋਂ ਅੱਗੇ ਹੈ।”
ਸਿੰਗਲਾ ਨੇ ਕਿਹਾ ਕਿ ਉਹ ਦਿੱਲੀ ਜਾਂ ਚੰਡੀਗੜ੍ਹ ਨਹੀਂ ਜਾ ਰਹੇ, ਸਗੋਂ ਆਪਣੇ ਸੰਗਰੂਰ ਹਲਕੇ ਵਿੱਚ ਵਰਕਰਾਂ ਨਾਲ ਮੀਟਿੰਗਾਂ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਟੀ ਜੋ ਵੀ ਜ਼ਿੰਮੇਵਾਰੀ ਦੇਵੇਗੀ, ਉਹ ਇੱਕ ਵਰਕਰ ਵਜੋਂ ਕੰਮ ਕਰਨ ਲਈ ਤਿਆਰ ਹਨ।
2 ਅਕਤੂਬਰ ਨੂੰ ਐਲਾਨ ਦੀ ਉਮੀਦ
ਪਾਰਟੀ ਸੂਤਰਾਂ ਅਨੁਸਾਰ ਹਾਈਕਮਾਨ ਨੇ ਵਿਜੇਇੰਦਰ ਸਿੰਗਲਾ ਨੂੰ ਦਿੱਲੀ ਬੁਲਾ ਕੇ ਮੀਟਿੰਗ ਕੀਤੀ ਹੈ ਅਤੇ ਉਨ੍ਹਾਂ ਨੂੰ 2027 ਦੀਆਂ ਚੋਣਾਂ ਲਈ ਪਾਰਟੀ ਦੀ ਪੂਰੀ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਪ੍ਰਧਾਨ ਦੇ ਨਾਮ ਦਾ ਐਲਾਨ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਕੀਤਾ ਜਾ ਸਕਦਾ ਹੈ।
ਸਿੰਗਲਾ ਦੇ ਇਲਾਵਾ ਪਰਗਟ ਸਿੰਘ, ਰਾਣਾ ਕੇਪੀ ਸਿੰਘ, ਸੁਖਬਿੰਦਰ ਸਿੰਘ ਸਰਕਾਰੀਆ, ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਮ ਵੀ ਚਰਚਾ ਵਿੱਚ ਹਨ। ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਸਿੰਗਲਾ ਨੂੰ 1 ਜੁਲਾਈ ਨੂੰ ਪਾਰਟੀ ਦੀ ਚੋਣ ਪ੍ਰਬੰਧਨ ਅਤੇ ਤਾਲਮੇਲ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ।
