ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਏਆਈਸੀਸੀ ਜਨਰਲ ਸਕੱਤਰ ਸਚਿਨ ਪਾਇਲਟ ਨੇ ਪੀਟੀਆਈ ਨੂੰ ਦਿੱਤੇ ਇੱਕ ਖਾਸ ਇੰਟਰਵਿਊ ਵਿੱਚ ਹਟਾਏ ਗਏ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ। ਪਾਇਲਟ ਨੇ ਵੜਿੰਗ ਨੂੰ ਇੱਕ “ਫਾਈਟਰ” ਆਗੂ ਦੱਸਦਿਆਂ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਹ ਪਾਰਟੀ ਲਈ “ਬਹੁਤ ਮਹੱਤਵਪੂਰਨ” ਭੂਮਿਕਾ ਨਿਭਾਏਗਾ।
ਇੰਟਰਵਿਊ ਦੌਰਾਨ ਪਾਇਲਟ ਨੇ ਕਿਹਾ, “ਮੈਂ ਤੁਹਾਨੂੰ ਦੱਸ ਦਵਾਂ, ਰਾਜਾ ਵੜਿੰਗ, ਮੈਂ ਉਸ ਨੂੰ 20 ਸਾਲਾਂ ਤੋਂ ਜਾਣਦਾ ਹਾਂ। ਉਹ ਬਹੁਤ ਊਰਜਾਵਾਨ, ਮਿਹਨਤੀ ਨੌਜਵਾਨ ਹੈ।” ਪਾਇਲਟ ਮੁਤਾਬਕ ਵੜਿੰਗ ਨੇ ਉਸ ਦੌਰ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਦੋਂ ਪਾਰਟੀ ਕੋਲ ਸਿਰਫ਼ 15-16 ਵਿਧਾਇਕ ਸਨ ਅਤੇ ਹਾਲਾਤ ਬਹੁਤ ਚੁਣੌਤੀਪੂਰਨ ਸਨ। ਉਨ੍ਹਾਂ ਨੇ ਕਿਹਾ ਕਿ ਵੜਿੰਗ ਨੇ ਚਾਰ ਸਾਲਾਂ ਤੋਂ ਵੱਧ ਸਮੇਂ ਤੱਕ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕੀਤੀ।
ਸੰਗਠਨ ਵਿੱਚ ਬਦਲਾਅ ਕਈ ਵਾਰ ਜ਼ਰੂਰੀ: ਪਾਇਲਟ
ਪਾਇਲਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਾਂਗਰਸ ਜਨਰਲ ਸਕੱਤਰ ਹੁੰਦਿਆਂ ਉਹ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਕਿ ਕਈ ਵਾਰ ਸੰਗਠਨ ਵਿੱਚ ਤਬਦੀਲੀ ਜ਼ਰੂਰੀ ਹੁੰਦੀ ਹੈ। ਇਹ ਟਿੱਪਣੀ ਉਸ ਸਵਾਲ ਦੇ ਜਵਾਬ ਵਿੱਚ ਆਈ ਜੋ ਪੰਜਾਬ ਇਕਾਈ ਵਿੱਚ ਨੇਤ੍ਰਿਤਵ ਬਦਲਣ ’ਤੇ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਠਿਆ ਸੀ।
ਦੱਸਣਯੋਗ ਹੈ ਕਿ ਪਾਰਟੀ ਹਾਈਕਮਾਨ ਦੇ ਫ਼ੈਸਲੇ ਤੋਂ ਬਾਅਦ ਵੜਿੰਗ 2 ਅਕਤੂਬਰ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟੇ ਸਨ ਅਤੇ ਉਨ੍ਹਾਂ ਦੀ ਥਾਂ ਸਾਬਕਾ ਹਾਕੀ ਕਪਤਾਨ ਪਰਗਟ ਸਿੰਘ ਨੇ ਅਹੁਦਾ ਸੰਭਾਲਿਆ ਸੀ। ਅਹੁਦਾ ਛੱਡਣ ਵੇਲੇ ਵੜਿੰਗ ਨੇ ਅਸਿੱਧੇ ਤੌਰ ’ਤੇ ਆਪਣੇ ਬਦਲਾਅ ਲਈ ਪਾਇਲਟ ਵੱਲ ਇਸ਼ਾਰਾ ਕੀਤਾ ਸੀ। ਪਰਗਟ ਸਿੰਘ ਦੀ ਤਾਜਪੋਸ਼ੀ ਮੌਕੇ ਆਯੋਜਿਤ ਸਮਾਗਮ ਵਿੱਚ ਵੜਿੰਗ ਨੇ ਕਿਹਾ ਸੀ ਕਿ ਹੋ ਸਕਦਾ ਹੈ ਉਹ ਪਾਇਲਟ ਦੀ ਨਜ਼ਰ ਵਿੱਚ ਡਿੱਗ ਗਿਆ ਹੋਵੇ ਜਾਂ ਉਸ ਨੂੰ ਟਿਕਟ ਤੋਂ ਵਾਂਝਾ ਕਰ ਦਿੱਤਾ ਜਾਵੇ, ਪਰ ਉਹ ਰਾਹੁਲ ਗਾਂਧੀ ਦੇ ਸਿਪਾਹੀ ਵਜੋਂ ਕਾਂਗਰਸ ਦਾ ਝੰਡਾ ਚੁੱਕੀ ਰੱਖੇਗਾ।
2027 ਚੋਣਾਂ ਤੋਂ ਪਹਿਲਾਂ ਏਕਤਾ ਦਾ ਸੰਕੇਤ
ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਪਾਇਲਟ ਦਾ ਇਹ ਬਿਆਨ 2027 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਏਕਤਾ ਦਾ ਸੰਕੇਤ ਹੈ। ਪੰਜਾਬ ਕਾਂਗਰਸ ਵਿੱਚ ਅੰਦਰੂਨੀ ਧੜੇਬੰਦੀ ਪਾਰਟੀ ਲਈ ਲੰਬੇ ਸਮੇਂ ਤੋਂ ਚੁਣੌਤੀ ਬਣੀ ਹੋਈ ਹੈ, ਅਤੇ ਨੇਤ੍ਰਿਤਵ ਬਦਲਾਅ ਤੋਂ ਬਾਅਦ ਪਾਇਲਟ ਦੀ ਇਹ ਟਿੱਪਣੀ ਵੜਿੰਗ ਦੇ ਹਮਾਇਤੀਆਂ ਨੂੰ ਵਿਸ਼ਵਾਸ ਵਿੱਚ ਲੈਣ ਦੀ ਕੋਸ਼ਿਸ਼ ਵਜੋਂ ਦੇਖੀ ਜਾ ਰਹੀ ਹੈ।
ਸਚਿਨ ਪਾਇਲਟ ਨੇ ਸਤੰਬਰ 2026 ਵਿੱਚ ਪੰਜਾਬ ਦੇ ਏਆਈਸੀਸੀ ਇੰਚਾਰਜ ਦਾ ਅਹੁਦਾ ਸੰਭਾਲਿਆ ਸੀ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2027 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਹੋਣੀਆਂ ਤੈਅ ਹਨ, ਅਤੇ ਕਾਂਗਰਸ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸੱਤਾ ਹਾਸਲ ਕਰਨ ਦੀ ਤਿਆਰੀ ਵਿੱਚ ਹੈ।
ਗੌਰਤਲਬ ਹੈ ਕਿ ਪਾਇਲਟ ਨੇ ਪੰਜਾਬ ਦਾ ਦੌਰਾ ਵੀ ਸ਼ੁਰੂ ਕੀਤਾ ਹੈ, ਜਿਸ ਦੌਰਾਨ ਉਹ ਗੈਂਗ ਹਿੰਸਾ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲ ਰਹੇ ਹਨ।
