ਚੰਡੀਗੜ੍ਹ ‘ਚ ਐਤਵਾਰ ਨੂੰ ਭਾਜਪਾ ਮਹਿਲਾ ਮੋਰਚੇ ਨੇ ਕਾਂਗਰਸ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ। ਪੰਜਾਬ ਪ੍ਰਧਾਨ ਜੈ ਇੰਦਰ ਕੌਰ ਦੀ ਅਗਵਾਈ ‘ਚ ਸੈਂਕੜੇ ਮਹਿਲਾ ਕਾਰਕੁਨ ਕਾਂਗਰਸ ਦੇ ਸਾਂਸਦ ਅਤੇ JNU ਦੇ ਪ੍ਰੋਫੈਸਰ ਅੰਗੋਮਚਾ ਬਿਮੋਲ ਅਕੋਇਜਾਮ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਲੈ ਕੇ ਸੜਕਾਂ ‘ਤੇ ਉਤਰ ਆਏ। ਪ੍ਰਦਰਸ਼ਨਕਾਰੀ ਕਾਂਗਰਸ ਦਫ਼ਤਰ ਵੱਲ ਕੂਚ ਕਰਨਾ ਚਾਹੁੰਦੇ ਸਨ, ਪਰ ਪੁਲਿਸ ਨੇ ਭਾਰੀ ਬੈਰੀਕੇਡਿੰਗ ਕਰਕੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ‘ਚ ਝੜਪ ਵੀ ਹੋਈ, ਜਿਸ ਤੋਂ ਬਾਅਦ ਜੈ ਇੰਦਰ ਕੌਰ ਸਮੇਤ ਕਈ ਮਹਿਲਾ ਕਾਰਕੁਨਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ।
ਰਾਹੁਲ ਗਾਂਧੀ ਦੀ ਚੁੱਪ ‘ਤੇ ਸਵਾਲ
ਮਹਿਲਾ ਮੋਰਚੇ ਦੀਆਂ ਆਗੂਆਂ ਨੇ ਕਾਂਗਰਸ ਲੀਡਰਸ਼ਿਪ ‘ਤੇ ਸਿੱਧਾ ਨਿਸ਼ਾਨਾ ਸਾਧਿਆ। ਜੈ ਇੰਦਰ ਕੌਰ ਨੇ ਸਵਾਲ ਉਠਾਇਆ ਕਿ ਜਦੋਂ ਆਪਣੇ ਹੀ ਸਾਂਸਦ ‘ਤੇ ਇੰਨੇ ਗੰਭੀਰ ਇਲਜ਼ਾਮ ਹਨ, ਤਾਂ ਰਾਹੁਲ ਗਾਂਧੀ ਚੁੱਪ ਕਿਉਂ ਹਨ? ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਮਹਿਲਾ ਸਸ਼ਕਤੀਕਰਨ ਦੇ ਨਾਅਰੇ ਦੇਣ ਵਾਲੀ ਕਾਂਗਰਸ ਆਪਣੇ ਸਾਂਸਦ ਖ਼ਿਲਾਫ਼ ਕਾਰਵਾਈ ਕਰਨ ਤੋਂ ਕਿਉਂ ਭੱਜ ਰਹੀ ਹੈ। ਮਹਿਲਾ ਮੋਰਚੇ ਨੇ ਮੰਗ ਕੀਤੀ ਕਿ ਅਕੋਇਜਾਮ ਨੂੰ ਤੁਰੰਤ ਕਾਂਗਰਸ ‘ਚੋਂ ਕੱਢਿਆ ਜਾਵੇ, ਉਨ੍ਹਾਂ ਦੀ ਗ੍ਰਿਫ਼ਤਾਰੀ ਹੋਵੇ ਅਤੇ ਲੋਕ ਸਭਾ ਤੋਂ ਅਸਤੀਫ਼ਾ ਲਿਆ ਜਾਵੇ।
ਕੌਣ ਹਨ ਅਕੋਇਜਾਮ, ਕੀ ਹਨ ਇਲਜ਼ਾਮ
ਅੰਗੋਮਚਾ ਬਿਮੋਲ ਅਕੋਇਜਾਮ ਕਾਂਗਰਸ ਦੇ ਸਾਂਸਦ ਹੋਣ ਦੇ ਨਾਲ-ਨਾਲ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ‘ਚ ਪ੍ਰੋਫੈਸਰ ਵੀ ਹਨ। ਦਿੱਲੀ ਸਥਿਤ ਯੂਨੀਵਰਸਿਟੀ ਦੀਆਂ 11 ਵਿਦਿਆਰਥਣਾਂ ਨੇ ਉਨ੍ਹਾਂ ‘ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਸਨ, ਜਿਨ੍ਹਾਂ ‘ਚ ਅੰਕਾਂ ਦੇ ਬਦਲੇ ਨਾਜਾਇਜ਼ ਮੰਗਾਂ ਵਰਗੇ ਗੰਭੀਰ ਦੋਸ਼ ਸ਼ਾਮਲ ਸਨ। ਯੂਨੀਵਰਸਿਟੀ ਦੀ ਅੰਦਰੂਨੀ ਕਮੇਟੀ ਨੇ ਜਾਂਚ ‘ਚ ਇਲਜ਼ਾਮਾਂ ਨੂੰ ਸਹੀ ਪਾਇਆ, ਜਿਸ ਤੋਂ ਬਾਅਦ 9 ਅਕਤੂਬਰ ਨੂੰ JNU ਨੇ ਅਕੋਇਜਾਮ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ।
ਦੇਸ਼ ਭਰ ‘ਚ ਵਿਰੋਧ ਦੀ ਲਹਿਰ
ਇਹ ਮਾਮਲਾ ਹੁਣ ਦੇਸ਼ਵਿਆਪੀ ਸਿਆਸੀ ਟਕਰਾਅ ‘ਚ ਬਦਲ ਗਿਆ ਹੈ। ਭਾਜਪਾ ਮਹਿਲਾ ਮੋਰਚਾ ਦਿੱਲੀ, ਲਖਨਊ, ਸ਼ਿਮਲਾ, ਗੁਜਰਾਤ ਅਤੇ ਤੇਲੰਗਾਨਾ ਸਮੇਤ ਕਈ ਸੂਬਿਆਂ ‘ਚ ਪ੍ਰਦਰਸ਼ਨ ਕਰ ਚੁੱਕਾ ਹੈ। ਦਿੱਲੀ ‘ਚ ਮਹਿਲਾ ਮੋਰਚੇ ਦੇ ਕਾਰਕੁਨਾਂ ਨੂੰ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਹਿਰਾਸਤ ‘ਚ ਵੀ ਲਿਆ ਸੀ। 12 ਅਕਤੂਬਰ ਨੂੰ ਦਿੱਲੀ ‘ਚ ‘ਨਾਰੀ ਸ਼ਕਤੀ ਹੁੰਕਾਰ ਅੰਦੋਲਨ’ ਨਾਂ ਨਾਲ ਵੱਡਾ ਮਾਰਚ ਵੀ ਤੈਅ ਹੈ, ਜੋ ਆਂਧਰਾ ਐਜੂਕੇਸ਼ਨ ਸੋਸਾਇਟੀ ਸਕੂਲ ਤੋਂ ਕਾਂਗਰਸ ਮੁੱਖ ਦਫ਼ਤਰ ਇੰਦਰਾ ਭਵਨ ਤੱਕ ਜਾਵੇਗਾ। ਭਾਜਪਾ ਆਗੂਆਂ ਨੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਮਲਿਕਾਰਜੁਨ ਖੜਗੇ ਦੀ ਚੁੱਪੀ ‘ਤੇ ਵੀ ਸਵਾਲ ਚੁੱਕੇ ਹਨ ਅਤੇ 11 ਵਿਦਿਆਰਥਣਾਂ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ।
