‘2027 ਲਈ ਸੁਖਬੀਰ ਬਾਈ!’ ਮੋਗਾ ‘ਚ Gen Z ਨੇ ਲਾਈ ਮੋਹਰ; ਕਬੱਡੀ ਕੱਪ ‘ਤੇ 10 ਕਰੋੜ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ‘ਵਾਈਬ ਪੰਜਾਬ ਦੀ’ ਪ੍ਰੋਗਰਾਮ ਦੌਰਾਨ ਮੋਗਾ ਦੇ ਗੁਰੂ ਨਾਨਕ ਕਾਲਜ ‘ਚ ਨੌਜਵਾਨਾਂ ਨੇ ‘ਸੁਖਬੀਰ ਬਾਈ ਫਾਰ 2027’ ‘ਤੇ ਮੋਹਰ ਲਗਾ ਦਿੱਤੀ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੇ ਨੌਜਵਾਨਾਂ ਨੂੰ ਪੰਜਾਬ ਦੀ ਤਕਦੀਰ ਬਦਲਣ ਲਈ ਇੱਕ ਮੌਕਾ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਜੀਵਨ ‘ਚ ਖੁਸ਼ੀਆਂ ਅਤੇ ਤਰੱਕੀ ਲੈ ਕੇ ਆਉਣਗੇ।

ਨਿੱਜੀ ਸਵਾਲਾਂ ਦੇ ਦਿਲਚਸਪ ਜਵਾਬ

ਪ੍ਰੋਗਰਾਮ ਦੌਰਾਨ ਸੁਖਬੀਰ ਬਾਦਲ ਨੇ ਵਿਦਿਆਰਥੀਆਂ ਦੇ ਅਨੇਕਾਂ ਨਿੱਜੀ ਸਵਾਲਾਂ ਦੇ ਖੁੱਲ੍ਹੇ ਦਿਲ ਨਾਲ ਜਵਾਬ ਦਿੱਤੇ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਕਾਲਜ ਆਫ ਆਰਟ ‘ਚ ਉਨ੍ਹਾਂ ਨੇ ਕਾਂਸੀ ਅਤੇ ਫਾਇਬਰਗਲਾਸ ਦੇ ਬੁੱਤ ਬਣਾਏ ਸਨ। ਪਸ਼ੂਆਂ ਨਾਲ ਪਿਆਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹਰ ਸਵੇਰੇ ਦੋ ਘੰਟੇ ਉਨ੍ਹਾਂ ਨਾਲ ਬਿਤਾਉਂਦੇ ਹਨ। ਖਾਣ-ਪੀਣ ‘ਚ ਉਹ ਪੀਜ਼ਾ ਨਾਲੋਂ ਛੋਲੇ ਭਟੂਰੇ ਅਤੇ ਕੌਫੀ ਨਾਲੋਂ ਨਮਕੀਨ ਲੱਸੀ ਪਸੰਦ ਕਰਦੇ ਹਨ। ਸੰਗੀਤ ‘ਚ ਉਨ੍ਹਾਂ ਨੂੰ ਸਤਿੰਦਰ ਸਰਤਾਜ ਅਤੇ ਦਿਲਜੀਤ ਦੁਸਾਂਝ ਨਾਲੋਂ ਏ.ਪੀ. ਢਿੱਲੋਂ ਜ਼ਿਆਦਾ ਪਸੰਦ ਹੈ। ਉਨ੍ਹਾਂ ਦੱਸਿਆ ਕਿ ਸਕੂਲ ‘ਚ ਉਹ ਭੰਗੜਾ ਟੀਮ ਦੇ ਕਪਤਾਨ ਸਨ ਅਤੇ ਖੇਡਾਂ ‘ਚ ਕਬੱਡੀ ਉਨ੍ਹਾਂ ਦੀ ਪਸੰਦੀਦਾ ਖੇਡ ਹੈ।

ਕਬੱਡੀ ਕੱਪ ‘ਤੇ 10 ਕਰੋੜ ਦਾ ਐਲਾਨ

ਕਬੱਡੀ ਪ੍ਰੇਮ ਦਾ ਜ਼ਿਕਰ ਕਰਦਿਆਂ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਸਰਕਾਰ ਵੇਲੇ ਵਿਸ਼ਵ ਕਬੱਡੀ ਕੱਪ ਦੀ ਇਨਾਮੀ ਰਾਸ਼ੀ 10 ਕਰੋੜ ਰੁਪਏ ਕੀਤੀ ਜਾਵੇਗੀ।

ਨੌਜਵਾਨਾਂ ਲਈ ਵੱਡੇ ਵਾਅਦੇ

ਸਰਦਾਰ ਬਾਦਲ ਨੇ ਭਰੋਸਾ ਦੁਆਇਆ ਕਿ ਅਕਾਲੀ ਦਲ ਸਰਕਾਰ ਬਣਨ ‘ਤੇ ਤਿੰਨ ਲੱਖ ਸਰਕਾਰੀ ਖਾਲੀ ਆਸਾਮੀਆਂ ਭਰੀਆਂ ਜਾਣਗੀਆਂ ਅਤੇ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਹੀ ਮਿਲਣਗੀਆਂ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ‘ਚ ਮੈਡੀਕਲ ਅਤੇ ਵੈਟਨਰੀ ਕਾਲਜ ਬਣਾਏ ਜਾਣਗੇ ਅਤੇ ਵਰਲਡ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ, ਜਿਸਦੇ ਸਾਰੇ ਜ਼ਿਲ੍ਹਿਆਂ ‘ਚ ਸੈਂਟਰ ਹੋਣਗੇ। ਉਨ੍ਹਾਂ ਪੰਜਾਬ ‘ਚ ਤੇਜ਼ ਉਦਯੋਗਿਕਰਨ, ਆਈ.ਟੀ., ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ‘ਚ ਤਰੱਕੀ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।

ਨਸ਼ਿਆਂ ਖ਼ਿਲਾਫ਼ ਸਖ਼ਤ ਕਾਨੂੰਨ ਦਾ ਵਾਅਦਾ

ਨਸ਼ਿਆਂ ਦੇ ਸਵਾਲ ‘ਤੇ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਨਸ਼ਿਆਂ ਦਾ ਖ਼ਾਤਮਾ ਕਰੇਗਾ। ਉਨ੍ਹਾਂ ਵਾਅਦਾ ਕੀਤਾ ਕਿ ਅਜਿਹਾ ਕਾਨੂੰਨ ਲਿਆਂਦਾ ਜਾਵੇਗਾ ਜਿਸ ਨਾਲ ਨਸ਼ਾ ਤਸਕਰਾਂ ਨੂੰ 10 ਸਾਲ ਤੱਕ ਜ਼ਮਾਨਤ ਨਹੀਂ ਮਿਲੇਗੀ ਅਤੇ ਉਨ੍ਹਾਂ ਦੀਆਂ ਸਾਰੀਆਂ ਜਾਇਦਾਦਾਂ ਸਖ਼ਤ ਕਾਨੂੰਨਾਂ ਨਾਲ ਜ਼ਬਤ ਕੀਤੀਆਂ ਜਾਣਗੀਆਂ।

‘ਆਪ’ ਸਰਕਾਰ ‘ਤੇ ਨਿਸ਼ਾਨਾ

ਸਰਦਾਰ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਭਰ ‘ਚ ਲਗਾਏ ‘ਈਮਾਨਦਾਰ ਮੁੱਖ ਮੰਤਰੀ’ ਦੇ ਬੋਰਡਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲੱਗਣ ਮਗਰੋਂ ਇਹ ਹੋਰਡਿੰਗ ‘ਠੱਗ ਮੁੱਖ ਮੰਤਰੀ’ ‘ਚ ਬਦਲ ਜਾਣਗੇ ਅਤੇ ਦੋਸ਼ ਲਗਾਇਆ ਕਿ ਆਪਣੇ ਪ੍ਰਚਾਰ ਲਈ ਸਰਕਾਰੀ ਖ਼ਜ਼ਾਨੇ ‘ਚੋਂ 500 ਕਰੋੜ ਰੁਪਏ ਵਰਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੀ ਵਾਗਡੋਰ ਸੰਭਾਲਣ ‘ਤੇ ਪੰਜਾਬ ਨੂੰ ਫਿਰ ਤੋਂ ਬਿਜਲੀ ਸਰਪਲੱਸ ਬਣਾਇਆ ਜਾਵੇਗਾ।

ਆਪਣੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਬੂਲ ਕੀਤਾ ਕਿ ਉਹ ਉਨ੍ਹਾਂ ਵਰਗੇ ਤਾਂ ਨਹੀਂ ਬਣ ਸਕਦੇ, ਪਰ ਆਪਣੇ ਵੱਲੋਂ ਸਰਵੋਤਮ ਕਾਰਗੁਜ਼ਾਰੀ ਲਈ ਯਤਨ ਕਰਨਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।