ਨਵੇਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਅਹੁਦਾ ਸੰਭਾਲਦਿਆਂ ਹੀ ਪਾਰਟੀ ਨੇਤਾਵਾਂ ਨੂੰ ਸਿੱਧਾ ਅਤੇ ਸਖ਼ਤ ਸੰਦੇਸ਼ ਦੇ ਦਿੱਤਾ ਹੈ। ਦਿ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਆਪਣੇ ਪਹਿਲੇ ਵੱਡੇ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕਾਂਗਰਸ ਤੋਂ ਬਾਹਰ ਕਿਸੇ ਨੇਤਾ ਦਾ ਕੋਈ ਵਜੂਦ ਜਾਂ ਔਕਾਤ ਨਹੀਂ ਹੈ। ਪਰਗਟ ਸਿੰਘ ਦਾ ਇਹ ਬਿਆਨ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਏਕਤਾ ਬਣਾਈ ਰੱਖਣ ਦੀ ਸਪਸ਼ਟ ਅਪੀਲ ਵਜੋਂ ਦੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਹਾਈਕਮਾਨ ਨੇ ਸ਼ੁੱਕਰਵਾਰ ਨੂੰ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਸੀ। ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਲੈਣਗੇ, ਜਿਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਈ, ਜਿਸ ਦਾ ਨੋਟੀਫਿਕੇਸ਼ਨ ਏਆਈਸੀਸੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਜਾਰੀ ਕੀਤਾ।
ਏਕਤਾ ‘ਤੇ ਜ਼ੋਰ, ਅੰਦਰੂਨੀ ਖਿੱਚੋਤਾਣ ‘ਤੇ ਵਿਰਾਮ
ਇੰਟਰਵਿਊ ਵਿੱਚ ਪਰਗਟ ਸਿੰਘ ਨੇ ਕਿਹਾ ਕਿ ਨੇਤਾਵਾਂ ਨੂੰ ਇਹ ਸਮਝਣਾ ਹੋਵੇਗਾ ਕਿ ਉਨ੍ਹਾਂ ਦੀ ਪਛਾਣ ਪੰਜਾਬ ਅਤੇ ਕਾਂਗਰਸ ਨਾਲ ਹੀ ਹੈ। ਉਨ੍ਹਾਂ ਮੁਤਾਬਕ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰਿਆਂ ਨੂੰ ਇਕੱਠੇ ਚੱਲਣਾ ਪਵੇਗਾ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸੰਦੇਸ਼ ਉਨ੍ਹਾਂ ਨੇਤਾਵਾਂ ਵੱਲ ਇਸ਼ਾਰਾ ਹੈ, ਜੋ ਪਾਰਟੀ ਲਾਈਨ ਤੋਂ ਵੱਖ ਹੋ ਕੇ ਚੱਲ ਰਹੇ ਸਨ।
ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਪਾਰਟੀ ਵਿੱਚ ਸਾਰੇ ਫ਼ੈਸਲੇ ਸਰਬਸੰਮਤੀ ਨਾਲ ਲਏ ਜਾਣਗੇ। ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਉਨ੍ਹਾਂ ਆਪਣੇ ਆਪ ਨੂੰ ‘ਟੀਮ ਪਲੇਅਰ’ ਦੱਸਿਆ ਸੀ ਅਤੇ ਕਿਹਾ ਸੀ ਕਿ ਹਾਕੀ ਵਿੱਚ ਫੁੱਲ-ਬੈਕ ਵਾਂਗ ਉਹ ਟੀਮ ਦੇ ਪਿੱਛੇ ਖੜ੍ਹ ਕੇ ਸਭ ਦਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਮੁੱਦਾ ਪੰਜਾਬ ਹੈ, ਨਾ ਕਿ ਆਪਸੀ ਮਤਭੇਦ।
2027 ਦੀਆਂ ਚੋਣਾਂ ਦਾ ਏਜੰਡਾ
ਪਰਗਟ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੀ ਮਜ਼ਬੂਤ ਟੀਮ ਸਾਹਮਣੇ ਆਵੇਗੀ ਅਤੇ ਕਾਂਗਰਸ ਪੰਜਾਬ ਵਿੱਚ ਸਕਾਰਾਤਮਕ ਅਤੇ ਏਜੰਡਾ-ਅਧਾਰਿਤ ਸਿਆਸਤ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਨਫ਼ਰਤ ਦੀ ਸਿਆਸਤ ਨੂੰ ਹਰਾਇਆ ਹੈ ਅਤੇ ਹੁਣ ਵੀ ਪੰਜਾਬ ਨੂੰ ਅਜਿਹੀ ਸਿਆਸਤ ਦੀ ਨਹੀਂ, ਸਗੋਂ ਉਸਾਰੂ ਸਿਆਸਤ ਦੀ ਲੋੜ ਹੈ।
ਨਿਯੁਕਤੀ ‘ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਨਿਊਜ਼ ਏਜੰਸੀ ਏਐਨਆਈ ਨੂੰ ਕਿਹਾ ਸੀ ਕਿ ਇਹ ਇੱਕ ਜ਼ਿੰਮੇਵਾਰੀ ਹੈ, ਅਸੀਂ ਪੰਜਾਬ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਾਂਗੇ ਅਤੇ ਨੇੜਲੇ ਭਵਿੱਖ ਵਿੱਚ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਇੱਕ-ਦੋ ਦਿਨਾਂ ਵਿੱਚ ਉਹ ਰਾਹੁਲ ਗਾਂਧੀ ਨੂੰ ਮਿਲ ਕੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ ਲੈਣਗੇ।
ਵੜਿੰਗ ਦੀ ਤਾਰੀਫ਼, ਵਾਪਸੀ ਦਾ ਦਰਵਾਜ਼ਾ ਖੁੱਲ੍ਹਾ
ਪਰਗਟ ਸਿੰਘ ਨੇ ਨਿਵਰਤਮਾਨ ਪ੍ਰਧਾਨ ਰਾਜਾ ਵੜਿੰਗ ਦੇ ਕੰਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸੰਗਠਨ ਲਈ ਚੰਗਾ ਕੰਮ ਕੀਤਾ ਅਤੇ ਇਸ ਅਦਲਾ-ਬਦਲੀ ਨੂੰ ਵਿਅਕਤੀਆਂ ਵਿਚਾਲੇ ਟਕਰਾਅ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਜਿਹੜੇ ਲੋਕ ਪਹਿਲਾਂ ਕਾਂਗਰਸ ਨਾਲ ਜੁੜੇ ਸਨ ਅਤੇ ਪੰਜਾਬ ਲਈ ਯੋਗਦਾਨ ਦੇਣਾ ਚਾਹੁੰਦੇ ਹਨ, ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਹੈ।
ਉਨ੍ਹਾਂ ਕਾਂਗਰਸ ਹਾਈਕਮਾਨ — ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਕੇਸੀ ਵੇਣੂਗੋਪਾਲ ਅਤੇ ਸੋਨੀਆ ਗਾਂਧੀ — ਦਾ ਧੰਨਵਾਦ ਵੀ ਕੀਤਾ। ਦੂਜੇ ਪਾਸੇ ਏਆਈਸੀਸੀ ਇੰਚਾਰਜ ਸਚਿਨ ਪਾਇਲਟ ਨੇ ਵੀ ਪਰਗਟ ਸਿੰਘ ਨੂੰ ਵਧਾਈ ਦਿੱਤੀ ਅਤੇ ਵੜਿੰਗ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਦੱਸ ਦੇਈਏ ਕਿ ਪਰਗਟ ਸਿੰਘ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਓਲੰਪੀਅਨ ਰਹਿ ਚੁੱਕੇ ਹਨ। ਉਹ ਜਲੰਧਰ ਕੈਂਟ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਹਨ ਅਤੇ ਸੂਬਾ ਮੰਤਰੀ ਵੀ ਰਹਿ ਚੁੱਕੇ ਹਨ। ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਦਿੱਲੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਤੋਂ ਅਸ਼ੀਰਵਾਦ ਲੈਣ ਵੀ ਗਏ ਸਨ।
