ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਦੀ ਖਰੀਦ ਨੇ ਰਫ਼ਤਾਰ ਫੜ ਲਈ ਹੈ। ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਲਈ ਰਾਹਤ ਵਾਲੀ ਖ਼ਬਰ ਹੈ ਕਿ ਮੰਡੀਆਂ ‘ਚ ਹੁਣ ਤੱਕ 5.14 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨਾ ਪਹੁੰਚ ਚੁੱਕਾ ਹੈ, ਜਿਸ ਵਿੱਚੋਂ 4.82 ਲੱਖ ਟਨ ਤੋਂ ਵੱਧ ਦੀ ਲਿਫਟਿੰਗ ਹੋ ਚੁੱਕੀ ਹੈ। ਕਿਸਾਨਾਂ ਨੂੰ ਹੁਣ ਤੱਕ 923 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਲਿਫਟਿੰਗ ਅਤੇ ਅਦਾਇਗੀ ‘ਚ ਤੇਜ਼ੀ
ਖੰਨਾ ਅਨਾਜ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਮੁਤਾਬਕ ਹੁਣ ਤੱਕ ਮੰਡੀਆਂ ‘ਚ ਲਗਭਗ 5,14,036.61 ਮੀਟ੍ਰਿਕ ਟਨ ਝੋਨਾ ਪਹੁੰਚਿਆ ਹੈ, ਜਿਸ ਵਿੱਚੋਂ 4,81,967.08 ਮੀਟ੍ਰਿਕ ਟਨ ਦੀ ਲਿਫਟਿੰਗ ਖਰੀਦ ਏਜੰਸੀਆਂ ਵੱਲੋਂ ਕਰ ਲਈ ਗਈ ਹੈ। ਆੜ੍ਹਤੀਆਂ ਨੇ ਲਿਫਟਿੰਗ ਅਤੇ ਅਦਾਇਗੀ ਦੀ ਪ੍ਰਕਿਰਿਆ ‘ਤੇ ਤਸੱਲੀ ਪ੍ਰਗਟਾਈ ਹੈ। ਹਾਲਾਂਕਿ ਲਗਭਗ 743 ਕਰੋੜ ਰੁਪਏ ਦਾ ਬਕਾਇਆ ਅਜੇ ਅਦਾ ਹੋਣਾ ਬਾਕੀ ਹੈ।
MSP 2,461 ਰੁਪਏ ਪ੍ਰਤੀ ਕੁਇੰਟਲ
ਕੇਂਦਰ ਸਰਕਾਰ ਨੇ ਇਸ ਸੀਜ਼ਨ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (MSP) 2,461 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਖੁਰਾਕ ਅਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਮੁਤਾਬਕ ਖਰੀਦ ਲਈ RBI ਨੇ 50,337.68 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜਿਸ ਵਿੱਚੋਂ 42,786.68 ਕਰੋੜ ਰੁਪਏ ਅਕਤੂਬਰ ਦੀ ਖਰੀਦ ਲਈ ਸੂਬੇ ਦੇ ਖਾਤਿਆਂ ‘ਚ ਜਮ੍ਹਾਂ ਕਰਵਾ ਦਿੱਤੇ ਗਏ ਹਨ। 5 ਲੱਖ ਤੋਂ ਵੱਧ ਬਾਰਦਾਨੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਖੇਤੀਬਾੜੀ ਵਿਭਾਗ ਮੁਤਾਬਕ 32.7 ਲੱਖ ਹੈਕਟੇਅਰ ‘ਚ ਝੋਨਾ ਬੀਜਿਆ ਗਿਆ ਹੈ ਅਤੇ ਕੁੱਲ ਝਾੜ 210 ਲੱਖ ਟਨ ਤੋਂ ਵੱਧ ਰਹਿਣ ਦੀ ਉਮੀਦ ਹੈ।
ਭੰਡਾਰਨ ਸੰਕਟ ਵੱਡੀ ਚੁਣੌਤੀ
ਖਰੀਦ ਦੇ ਨਾਲ-ਨਾਲ ਭੰਡਾਰਨ ਦਾ ਸੰਕਟ ਵੀ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪੰਜਾਬ ਦੇ ਗੋਦਾਮ ਪਿਛਲੇ ਤਿੰਨ ਸੀਜ਼ਨਾਂ ਦੇ ਲਗਭਗ 180 ਲੱਖ ਮੀਟ੍ਰਿਕ ਟਨ ਚਾਵਲ ਨਾਲ ਭਰੇ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ‘ਚ ਕੇਂਦਰ ਨੂੰ ਪੱਤਰ ਲਿਖ ਕੇ 1 ਤੋਂ 10 ਅਕਤੂਬਰ ਤੱਕ 6 ਲੱਖ ਟਨ ਚਾਵਲ ਅਤੇ ਅਕਤੂਬਰ ਮਹੀਨੇ ਦੌਰਾਨ 15 ਲੱਖ ਟਨ ਕਣਕ ਦੀ ਲਿਫਟਿੰਗ ਦੀ ਮੰਗ ਕੀਤੀ ਸੀ, ਤਾਂ ਜੋ ਨਵੀਂ ਖਰੀਦ ਲਈ ਜਗ੍ਹਾ ਬਣਾਈ ਜਾ ਸਕੇ। ਮੁੱਖ ਮੰਤਰੀ ਨੇ ਚੇਤਾਵਨੀ ਵੀ ਦਿੱਤੀ ਸੀ ਕਿ ਜਗ੍ਹਾ ਦੀ ਘਾਟ ਨਾਲ ਮੰਡੀਆਂ ‘ਚ ਕਾਨੂੰਨ-ਵਿਵਸਥਾ ਦੀ ਸਥਿਤੀ ਪੈਦਾ ਹੋ ਸਕਦੀ ਹੈ।
ਖਰੀਦ ਸੀਜ਼ਨ 1 ਅਕਤੂਬਰ ਤੋਂ ਸ਼ੁਰੂ ਹੋਇਆ ਸੀ। ਹੜ੍ਹਾਂ ਤੋਂ ਬਾਅਦ ਇਹ ਖਰੀਦ ਪ੍ਰਭਾਵਿਤ ਕਿਸਾਨਾਂ ਲਈ ਅਹਿਮ ਹੈ, ਕਿਉਂਕਿ ਇਸ ਸਾਲ ਹੜ੍ਹਾਂ ਨੇ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ।
