‘ਤਾਲਿਬਾਨੀ’ ਬਿਆਨ ’ਤੇ ਭਾਜਪਾ ਦਾ ਵਾਰ! CM ਮਾਨ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ

‘ਤਾਲਿਬਾਨੀ’ ਬਿਆਨ ’ਤੇ ਭਾਜਪਾ ਦਾ ਵਾਰ! CM ਮਾਨ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ

ਨਵੀਂ ਦਿੱਲੀ। ਗੁਰਦੁਆਰਾ ਬੰਗਲਾ ਸਾਹਿਬ ਵਿਵਾਦ ਹੁਣ ਸਿੱਧੀ ਕਾਨੂੰਨੀ ਟੱਕਰ ਵੱਲ ਵਧਦਾ ਨਜ਼ਰ ਆ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਪੁਲਿਸ ਦੇ ਰਵੱਈਏ ਨੂੰ “ਤਾਲਿਬਾਨੀ” ਦੱਸਣ ’ਤੇ ਪੰਜਾਬ ਭਾਜਪਾ ਨੇ ਕੜੀ ਪ੍ਰਤੀਕਿਰਿਆ ਦਿੱਤੀ ਹੈ। ਪਾਰਟੀ ਦੇ ਬੁਲਾਰੇ ਸਰਚੰਦ ਖਿਆਲਾ ਨੇ ਦਿੱਲੀ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਮੁੱਖ ਮੰਤਰੀ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।

ਖਿਆਲਾ ਦਾ ਦੋਸ਼ ਹੈ ਕਿ ਮੁੱਖ ਮੰਤਰੀ ਨੇ ਤੱਥਾਂ ਦੀ ਪੁਸ਼ਟੀ ਕੀਤੇ ਬਗੈਰ ਹੀ ਦਿੱਲੀ ਪੁਲਿਸ ਨੂੰ “ਤਾਲਿਬਾਨੀ” ਆਖਿਆ ਅਤੇ ਸੋਸ਼ਲ ਮੀਡੀਆ ’ਤੇ ਗੁੱਮਰਾਹਕੁੰਨ ਜਾਣਕਾਰੀ ਸਾਂਝੀ ਕਰਕੇ ਸਿੱਖ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਬਿਆਨ ਧਾਰਮਿਕ ਸਦਭਾਵਨਾ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਇਨ੍ਹਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ।

ਕਿੱਥੋਂ ਸ਼ੁਰੂ ਹੋਇਆ ਵਿਵਾਦ?

ਸ਼ਨੀਵਾਰ ਨੂੰ ਦਿੱਲੀ ’ਚ ਮੁੱਖ ਚੋਣ ਕਮਿਸ਼ਨਰ ਦੇ ਖ਼ਿਲਾਫ਼ CJP ਦੇ ਪ੍ਰਦਰਸ਼ਨ ’ਚ ਦਿੱਲੀ ਪੁਲਿਸ ਨੇ 7,000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ ਸੀ। ਇਸੇ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਵਾਇਰਲ ਹੋਈ ਵੀਡੀਓ ਨੇ ਵਿਵਾਦ ਛੇੜ ਦਿੱਤਾ।

ਮੁੱਖ ਮੰਤਰੀ ਮਾਨ ਨੇ ਐਕਸ ’ਤੇ ਦੋਸ਼ ਲਗਾਇਆ ਕਿ ਦਿੱਲੀ ਪੁਲਿਸ ਨੰਗੇ ਸਿਰ ਅਤੇ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਦੇ ਅੰਦਰ ਵੜੀ, ਜਿਸ ਨਾਲ ਮਰਿਆਦਾ ਦੀ ਉਲੰਘਣਾ ਹੋਈ। ਉਨ੍ਹਾਂ ਨੇ ਪੁਲਿਸ ਦੇ ਇਸ ਰਵੱਈਏ ਨੂੰ “ਤਾਲਿਬਾਨੀ” ਕਰਾਰ ਦਿੱਤਾ। ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਨੇ ਵੀ ਇਸ ਮੁੱਦੇ ’ਤੇ ਪੁਲਿਸ ਨੂੰ ਘੇਰਿਆ।

ਦਿੱਲੀ ਪੁਲਿਸ ਅਤੇ DSGMC ਦੀ ਵਿਆਖਿਆ

ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ (ਨਵੀਂ ਦਿੱਲੀ) ਸਚਿਨ ਸ਼ਰਮਾ ਨੇ ਐਕਸ ’ਤੇ ਸਪੱਸ਼ਟ ਕੀਤਾ ਕਿ ਵੀਡੀਓ ’ਚ ਦਿਸਦੇ ਕਰਮਚਾਰੀ ਉਸ ਆਮ ਰਸਤੇ ’ਚੋਂ ਲੰਘ ਰਹੇ ਸਨ ਜੋ ਸ਼ਰਧਾਲੂ ਜੋੜਾ ਘਰ ਤੱਕ ਪਹੁੰਚਣ ਲਈ ਵਰਤਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਵੀਡੀਓ ਮੰਦ ਭਾਵਨਾ ਨਾਲ ਫੈਲਾਈ ਗਈ ਹੈ ਤਾਂ ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਸਕੇ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹਰਮੀਤ ਸਿੰਘ ਕਾਲਕਾ ਨੇ ‘ਆਪ’ ਆਗੂਆਂ ’ਤੇ ਮਾਮਲੇ ਨੂੰ ਸਿਆਸਤੀਕਰਨ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਦੇ ਮੁਤਾਬਕ ਕੁੱਝ ਪ੍ਰਦਰਸ਼ਨਕਾਰੀ ਤਖ਼ਤੀਆਂ ਅਤੇ ਨਾਅਰਿਆਂ ਸਮੇਤ ਗੁਰਦੁਆਰਾ ਪਰਿਸਰ ’ਚ ਦਾਖ਼ਲ ਹੋਏ ਸਨ, ਜਿਨ੍ਹਾਂ ਨੂੰ ਸਟਾਫ਼ ਨੇ ਅੱਗੇ ਵਧਣ ਤੋਂ ਰੋਕਿਆ। ਕਮੇਟੀ ਦੇ ਜਨਰਲ ਸਕੱਤਰ ਜਗਦੀਪ ਕਹਲੋਂ ਨੇ ਵਿਆਖਿਆ ਦਿੱਤੀ ਕਿ ਪੁਲਿਸ ਨੂੰ ਦਰਬਾਰ ਸਾਹਿਬ ਵੱਲ ਵਧਣ ਤੋਂ ਰੋਕਿਆ ਗਿਆ ਸੀ ਅਤੇ ਪੁਲਿਸ ਲੰਗਰ ਹਾਲ ਵਾਲੇ ਪਾਸਿਓਂ “ਪਿਆਓ ਪੁਆਇੰਟ” ਨੇੜਿਓਂ ਲੰਘੀ ਸੀ।

ਭਾਜਪਾ ਦਾ ਪਲਟਵਾਰ: “ਗੁਰੂ ਦੋਖੀ” ਦਾ ਸਵਾਲ

ਸਰਚੰਦ ਖਿਆਲਾ ਨੇ ਮਾਨ ’ਤੇ ਸਵਾਲ ਉਠਾਇਆ ਕਿ ਜਿਸ ਵਿਅਕਤੀ ਨੂੰ “ਗੁਰੂ ਦੋਖੀ” ਕਰਾਰ ਦਿੱਤਾ ਗਿਆ ਹੋਵੇ, ਕੀ ਉਹ ਦੂਜਿਆਂ ਨੂੰ ਧਾਰਮਿਕ ਮਰਿਆਦਾ ’ਤੇ ਭਾਸ਼ਣ ਦੇ ਸਕਦਾ ਹੈ? ਉਨ੍ਹਾਂ ਕਿਹਾ ਕਿ ਗੁਰੂ ਦੇ ਦਰਬਾਰ ਦੇ ਦਰਵਾਜ਼ੇ ਲੋੜਵੰਦਾਂ ਲਈ ਹਮੇਸ਼ਾ ਖੁੱਲ੍ਹੇ ਹਨ, ਪਰ ਧਾਰਮਿਕ ਥਾਵਾਂ ਨੂੰ ਸਿਆਸੀ ਪ੍ਰਦਰਸ਼ਨ ਦਾ ਮੰਚ ਨਹੀਂ ਬਣਾਇਆ ਜਾ ਸਕਦਾ।

ਭਾਜਪਾ ਦਾ ਕਹਿਣਾ ਹੈ ਕਿ ਪੁਲਿਸ ਨੇ ਸਿਰਫ਼ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਦਖ਼ਲ ਦਿੱਤਾ ਸੀ ਅਤੇ ਗੁਰਦੁਆਰਾ ਪਰਿਸਰ ’ਚ ਦਾਖ਼ਲ ਹੋਏ ਪ੍ਰਦਰਸ਼ਨਕਾਰੀਆਂ ਨੂੰ ਸਟਾਫ਼ ਨੇ ਖ਼ੁਦ ਰੋਕਿਆ ਸੀ। ਪਾਰਟੀ ਨੇ ਮੰਗ ਕੀਤੀ ਹੈ ਕਿ ਗੁੱਮਰਾਹਕੁੰਨ ਬਿਆਨਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।