FASTag ਵਾਲਿਆਂ ਲਈ ਵੱਡਾ ਬਦਲਾਅ: ਦਿਵਿਆਂਗਜਨਾਂ ਨੂੰ 5 ਸਾਲ ਦੀ ਛੋਟ, ਅੱਜ ਤੋਂ ਨਵੇਂ ਨਿਯਮ ਲਾਗੂ!

ਕੇਂਦਰ ਸਰਕਾਰ ਨੇ ਦਿਵਿਆਂਗਜਨਾਂ ਲਈ ਟੋਲ ਛੋਟ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕਰ ਦਿੱਤਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ 2 ਅਕਤੂਬਰ 2026 ਤੋਂ ਲਾਗੂ ਹੋ ਗਏ ਹਨ। ਇਸ ਫੈਸਲੇ ਨਾਲ ਦੇਸ਼ ਭਰ ਦੇ ਲੱਖਾਂ ਅਪਾਹਜ ਵਾਹਨ ਮਾਲਕਾਂ ਨੂੰ ਹਰ ਸਾਲ ਦੀ ਕਾਗਜ਼ੀ ਝੰਝਟ ਤੋਂ ਵੱਡੀ ਰਾਹਤ ਮਿਲੇਗੀ ਅਤੇ ਹਾਈਵੇਅ ਯਾਤਰਾ ਪਹਿਲਾਂ ਨਾਲੋਂ ਕਿਤੇ ਆਸਾਨ ਹੋ ਜਾਵੇਗੀ।

ਹੁਣ ਅਪੰਗਤਾ ਦੀ ਪ੍ਰਤੀਸ਼ਤਤਾ ‘ਤੇ ਤੈਅ ਹੋਵੇਗੀ ਵੈਲੀਡਿਟੀ

ਪੁਰਾਣੇ ਨਿਯਮਾਂ ਤਹਿਤ ਦਿਵਿਆਂਗਜਨ ਸ਼੍ਰੇਣੀ ਦੇ ਛੋਟ ਵਾਲੇ FASTag ਨੂੰ ਹਰ ਸਾਲ ਰਿਨਿਊ ਕਰਵਾਉਣਾ ਪੈਂਦਾ ਸੀ, ਜਿਸ ਲਈ ਹਰ ਵਾਰ ਨਵੀਂ ਅਰਜ਼ੀ ਅਤੇ ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਂਦੇ ਸਨ। ਨਵੇਂ ਨਿਯਮਾਂ ਵਿੱਚ ਵੈਲੀਡਿਟੀ ਅਪੰਗਤਾ ਦੀ ਪ੍ਰਤੀਸ਼ਤਤਾ ਦੇ ਆਧਾਰ ‘ਤੇ ਤੈਅ ਹੋਵੇਗੀ। 70 ਫੀਸਦੀ ਤੋਂ 100 ਫੀਸਦੀ ਤੱਕ ਅਪੰਗਤਾ ਵਾਲੇ ਵਿਅਕਤੀਆਂ ਨੂੰ ਪੰਜ ਸਾਲਾਂ ਲਈ ਵੈਲਿਡ ਛੋਟ ਵਾਲਾ FASTag ਜਾਰੀ ਕੀਤਾ ਜਾਵੇਗਾ, ਜਦੋਂਕਿ 40 ਫੀਸਦੀ ਜਾਂ ਉਸ ਤੋਂ ਵੱਧ ਪਰ 70 ਫੀਸਦੀ ਤੋਂ ਘੱਟ ਅਪੰਗਤਾ ਵਾਲੇ ਯੋਗ ਵਿਅਕਤੀਆਂ ਲਈ ਵੈਲੀਡਿਟੀ ਤਿੰਨ ਸਾਲ ਨਿਰਧਾਰਤ ਕੀਤੀ ਗਈ ਹੈ। ਮਿਆਦ ਪੁੱਗਣ ਤੋਂ ਬਾਅਦ ਯੋਗਤਾ ਬਣੀ ਰਹਿਣ ਦੀ ਸ਼ਰਤ ‘ਤੇ ਨਵੀਨੀਕਰਨ ਕਰਵਾਇਆ ਜਾ ਸਕੇਗਾ।

ਕਿਸ ਨੂੰ ਮਿਲੇਗੀ ਇਹ ਛੋਟ?

ਛੋਟ ਵਾਲਾ FASTag ਸਿਰਫ਼ ਉਨ੍ਹਾਂ ਅਪਾਹਜ ਵਿਅਕਤੀਆਂ ਨੂੰ ਮਿਲੇਗਾ ਜਿਨ੍ਹਾਂ ਕੋਲ ਸਰਕਾਰ ਵੱਲੋਂ ਪ੍ਰਮਾਣਿਤ ਅਪੰਗਤਾ ਸਰਟੀਫਿਕੇਟ ਜਾਂ UDID ਕਾਰਡ ਹੈ। ਵਾਹਨ ਅਪਾਹਜ ਵਿਅਕਤੀ ਦੇ ਨਾਂ ‘ਤੇ ਰਜਿਸਟਰਡ ਹੋਣਾ ਚਾਹੀਦਾ ਹੈ ਜਾਂ ਖਾਸ ਤੌਰ ‘ਤੇ ਉਨ੍ਹਾਂ ਦੀ ਵਰਤੋਂ ਲਈ ਡਿਜ਼ਾਈਨ ਕੀਤਾ ਗਿਆ ਹੋਣਾ ਚਾਹੀਦਾ ਹੈ। ‘ਦਿਵਿਆਂਗਜਨ’ ਮਾਲਕੀ ਸ਼੍ਰੇਣੀ ਵਿੱਚ ਰਜਿਸਟਰਡ ਵਾਹਨ ਵੀ ਇਸ ਯੋਜਨਾ ਤਹਿਤ ਯੋਗ ਹੋਣਗੇ।

ਦੁਰਵਰਤੋਂ ‘ਤੇ ਤੁਰੰਤ ਬਲੈਕਲਿਸਟ

ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਟੋਲ ਛੋਟ ਦਾ ਫਾਇਦਾ ਸਿਰਫ਼ ਉਸੇ ਵਾਹਨ ਨੂੰ ਮਿਲੇਗਾ ਜਿਸ ‘ਤੇ ਛੋਟ ਵਾਲਾ FASTag ਲੱਗਿਆ ਹੋਵੇਗਾ। ਜੇਕਰ ਕੋਈ ਅਯੋਗ ਵਿਅਕਤੀ ਇਸ ਸਹੂਲਤ ਦੀ ਦੁਰਵਰਤੋਂ ਕਰਦਾ ਪਾਇਆ ਗਿਆ ਤਾਂ ਉਸਦਾ FASTag ਤੁਰੰਤ ਬਲੈਕਲਿਸਟ ਕਰ ਦਿੱਤਾ ਜਾਵੇਗਾ। ਡਿਜੀਟਲ ਤਸਦੀਕ ਪ੍ਰਣਾਲੀ ਨਾਲ ਜੋੜਨ ਕਰਕੇ ਜਾਅਲੀ ਦਸਤਾਵੇਜ਼ਾਂ ਰਾਹੀਂ ਛੋਟ ਲੈਣ ਦੇ ਮਾਮਲਿਆਂ ‘ਤੇ ਵੀ ਰੋਕ ਲੱਗੇਗੀ।

ਅਰਜ਼ੀ ਕਿੱਥੇ ਦੇਣੀ ਹੈ?

ਯੋਗ ਦਿਵਿਆਂਗਜਨ ਵਿਅਕਤੀ NHAI ਜਾਂ ਰਾਜਮਾਰਗ ਮੰਤਰਾਲੇ ਦੇ ਅਧਿਕਾਰਤ ਛੋਟ FASTag ਪੋਰਟਲ ‘ਤੇ ਜਾ ਕੇ ਆਪਣਾ ਵੈਧ UDID ਕਾਰਡ ਅਤੇ ਵਾਹਨ ਦਸਤਾਵੇਜ਼ ਦੇ ਕੇ ਅਰਜ਼ੀ ਦੇ ਸਕਦੇ ਹਨ। ਮਿਆਦ ਪੁੱਗਣ ਤੋਂ ਬਾਅਦ ਲੋੜੀਂਦੇ ਦਸਤਾਵੇਜ਼ਾਂ ਨਾਲ ਔਨਲਾਈਨ ਜਾਂ ਔਫਲਾਈਨ ਨਵੀਨੀਕਰਨ ਲਈ ਅਰਜ਼ੀ ਦੇਣੀ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਸ ਬਦਲਾਅ ਨਾਲ ਟੋਲ ਪਲਾਜ਼ਿਆਂ ‘ਤੇ ਤਸਦੀਕ ਤੇਜ਼ ਹੋਵੇਗੀ ਅਤੇ ਸਮਾਂ ਬਚੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।