ਨਵੀਂ ਦਿੱਲੀ/ਪੰਜਾਬ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਨਵੀਂ ਦਿੱਲੀ ’ਚ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਅਹਿਮ ਮੀਟਿੰਗ ਕੀਤੀ, ਜਿਸ ’ਚ ਪੰਜਾਬ ਲਈ ਨਿਰਵਿਘਨ ਬਿਜਲੀ ਅਤੇ ਕੋਲੇ ਦੀ ਸਪਲਾਈ ਯਕੀਨੀ ਬਣਾਉਣ ’ਤੇ ਸਹਿਮਤੀ ਬਣੀ। ਮੀਟਿੰਗ ਤੋਂ ਬਾਅਦ ਮਾਨ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਨੂੰ ਬਿਜਲੀ ਜਾਂ ਕੋਲੇ ਦੀ ਕਿਸੇ ਵੀ ਕਮੀ ਦਾ ਸਾਹਮਣਾ ਨਾ ਕਰਨ ਦੇਣ ਦਾ ਭਰੋਸਾ ਦਿੱਤਾ ਹੈ।
180 ਲੱਖ ਮੀਟ੍ਰਿਕ ਟਨ ਚੌਲਾਂ ਦਾ ਯੋਗਦਾਨ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇਸ ਸਾਲ ਕੇਂਦਰੀ ਪੂਲ ਵਿੱਚ 180 ਲੱਖ ਮੀਟ੍ਰਿਕ ਟਨ ਚੌਲਾਂ ਦਾ ਯੋਗਦਾਨ ਦੇ ਰਿਹਾ ਹੈ, ਅਤੇ ਦੇਸ਼ ਦੇ ਅੰਨ ਭੰਡਾਰ ਵਿੱਚ ਇਸ ਯੋਗਦਾਨ ਨੂੰ ਬਰਕਰਾਰ ਰੱਖਣ ਲਈ ਬਿਜਲੀ ਦੀ ਨਿਰੰਤਰ ਸਪਲਾਈ ਲਾਜ਼ਮੀ ਹੈ। ਉਨ੍ਹਾਂ ਕੇਂਦਰ ਨੂੰ ਦੱਸਿਆ ਕਿ ਪੰਜਾਬ ਦੇ ਕਿਸਾਨ ਦੇਸ਼ ਦੀ ਖ਼ੁਰਾਕ ਸੁਰੱਖਿਆ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ, ਇਸ ਲਈ ਬਿਜਲੀ ਦੀ ਕੋਈ ਕਮੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰੀ ਮੰਤਰੀ ਨੇ ਸੂਬੇ ਦੀਆਂ ਲਗਭਗ ਸਾਰੀਆਂ ਮੰਗਾਂ ਸਵੀਕਾਰ ਕਰ ਲਈਆਂ ਹਨ।
ਕੋਲ ਇੰਡੀਆ ਅਤੇ ਝਾਰਖੰਡ ਸਰਕਾਰ ਨਾਲ ਸੰਪਰਕ
ਮਾਨ ਨੇ ਮੀਟਿੰਗ ’ਚ ਦੱਸਿਆ ਕਿ ਪੰਜਾਬ ਸਰਕਾਰ ਪਚਵਾੜਾ ਕੋਲਾ ਖਦਾਨਾਂ ਤੋਂ ਕੋਲੇ ਦੀ ਸਪਲਾਈ ਲਈ ਕੋਲ ਇੰਡੀਆ ਅਤੇ ਝਾਰਖੰਡ ਸਰਕਾਰ ਦੇ ਸੰਪਰਕ ਵਿੱਚ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰਜੀਹ ਇਹ ਹੈ ਕਿ ਕੋਲੇ ਦੀ ਸਪਲਾਈ ’ਚ ਕੋਈ ਰੁਕਾਵਟ ਨਾ ਆਵੇ, ਤਾਂ ਜੋ ਪੰਜਾਬ ਵਿੱਚ ਬਿਜਲੀ ਦਾ ਉਤਪਾਦਨ ਬਿਨਾਂ ਰੁਕੇ ਜਾਰੀ ਰਹੇ। ਕੇਂਦਰੀ ਮੰਤਰੀ ਨੇ ਬਿਜਲੀ ਅਤੇ ਕੋਲੇ ਦੋਵਾਂ ਦੀ ਕਾਫ਼ੀ ਅਤੇ ਨਿਰੰਤਰ ਸਪਲਾਈ ਦਾ ਭਰੋਸਾ ਦਿੱਤਾ ਹੈ।
ਸ਼ਾਹਪੁਰ ਕੰਢੀ ਡੈਮ ਅਤੇ ਹਾਈਡ੍ਰੋ ਪਾਵਰ ਦਾ ਮੁੱਦਾ
ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਕੋਲ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਸਬੰਧੀ ਵਾਰ-ਵਾਰ ਮਿਲ ਰਹੇ ਐਨਜੀਟੀ (ਨੈਸ਼ਨਲ ਗ੍ਰੀਨ ਟ੍ਰਿਬਿਊਨਲ) ਨੋਟਿਸਾਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਖੱਟਰ ਨੂੰ ਰਣਜੀਤ ਸਾਗਰ ਅਤੇ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟਾਂ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇੱਕ ਵਾਰ ਡੈਮ ਬਣ ਜਾਣ ਤੋਂ ਬਾਅਦ ਸੂਬੇ ਨੂੰ ਵਾਤਾਵਰਨ ਅਧਿਕਾਰੀਆਂ ਦੇ ਵਾਰ-ਵਾਰ ਨੋਟਿਸਾਂ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇਸ਼ ਦੇ ਹਾਈਡ੍ਰੋ ਪਾਵਰ ਉਤਪਾਦਨ ਵਿੱਚ ਲਗਭਗ 40 ਫ਼ੀਸਦੀ ਦਾ ਯੋਗਦਾਨ ਪਾਉਂਦਾ ਹੈ, ਇਸ ਲਈ ਇਨ੍ਹਾਂ ਪ੍ਰਾਜੈਕਟਾਂ ਦਾ ਸੁਚਾਰੂ ਕੰਮਕਾਜ ਸੂਬੇ ਅਤੇ ਦੇਸ਼ ਦੋਵਾਂ ਲਈ ਅਹਿਮ ਹੈ।
ਮੀਟਿੰਗ ’ਚ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
