SIT ਸਾਹਮਣੇ ਪੇਸ਼ ਨਹੀਂ ਹੋਇਆ ਮਜੀਠੀਆ! ਵਕੀਲ ਪਟਿਆਲੇ ਪਹੁੰਚੇ, ਅਕਾਲੀ ਦਲ ਨੇ ਲਾਇਆ ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ ਦਾ ਦੋਸ਼

ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਛੇ ਹਜ਼ਾਰ ਕਰੋੜ ਰੁਪਏ ਦੇ ਕਥਿਤ ਨਸ਼ਾ ਤਸਕਰੀ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਸਾਹਮਣੇ ਪੇਸ਼ ਨਹੀਂ ਹੋਇਆ। ਸੋਮਵਾਰ ਨੂੰ ਉਸ ਨੂੰ ਪਟਿਆਲਾ ਪੁਲਿਸ ਲਾਈਨਜ਼ ਵਿੱਚ ਜਾਂਚ ਟੀਮ ਸਾਹਮਣੇ ਹਾਜ਼ਰ ਹੋਣਾ ਸੀ, ਪਰ ਉਹ ਖ਼ੁਦ ਨਹੀਂ ਪਹੁੰਚਿਆ। ਮਜੀਠੀਆ ਦੀ ਥਾਂ ਉਸ ਦੇ ਵਕੀਲ ਜਾਂਚ ਟੀਮ ਕੋਲ ਪੇਸ਼ ਹੋਏ। SIT ਦੇ ਮੁਖੀ SSP ਵਰੁਣ ਸ਼ਰਮਾ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਪਿਛਲੇ ਹਫ਼ਤੇ ਮਜੀਠੀਆ ਨੂੰ 5 ਅਕਤੂਬਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਸਨ।

ਅਕਾਲੀ ਦਲ ਨੇ ਲਗਾਇਆ ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ ਦਾ ਦੋਸ਼

ਮਜੀਠੀਆ ਦੀ ਗੈਰਹਾਜ਼ਰੀ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਖ਼ੁਦ ਪਟਿਆਲਾ ਪੁਲਿਸ ਲਾਈਨਜ਼ ਪਹੁੰਚੇ ਅਤੇ SIT ‘ਤੇ ਪੰਜਾਬ ਸਰਕਾਰ ਦੇ ਦਬਾਅ ਹੇਠ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਕਲੇਰ ਦਾ ਕਹਿਣਾ ਸੀ ਕਿ FIR ਦਰਜ ਹੋਏ ਨੂੰ ਪੰਜ ਸਾਲ ਹੋ ਗਏ, ਪਰ ਜਾਂਚ ਟੀਮ ਹੁਣ ਤੱਕ ਜਾਂਚ ਪੂਰੀ ਨਹੀਂ ਕਰ ਸਕੀ। ਉਨ੍ਹਾਂ ਮੁਤਾਬਕ ਤਾਜ਼ਾ ਸੰਮਨ ਜਾਰੀ ਕਰਨਾ ਸੁਪਰੀਮ ਕੋਰਟ ਦੇ ਮਾਰਚ 2025 ਤੱਕ ਜਾਂਚ ਮੁਕੰਮਲ ਕਰਨ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ ਅਤੇ ਇਹ ਕਾਰਵਾਈ ਸਿਆਸੀ ਬਦਲੇਖੋਰੀ ਤੋਂ ਪ੍ਰੇਰਿਤ ਹੈ।

ਕੀ ਹੈ ਪੂਰਾ ਮਾਮਲਾ?

ਇਹ ਮਾਮਲਾ ਦਸੰਬਰ 2021 ਵਿੱਚ ਦਰਜ FIR ਨਾਲ ਜੁੜਿਆ ਹੈ, ਜੋ 2018 ਦੀ ਪੰਜਾਬ ਪੁਲਿਸ STF ਰਿਪੋਰਟ ਦੇ ਆਧਾਰ ‘ਤੇ NDPS ਐਕਟ ਦੀਆਂ ਧਾਰਾਵਾਂ 25, 27-ਏ ਅਤੇ 29 ਤਹਿਤ ਦਰਜ ਹੋਈ ਸੀ। 2013 ਵਿੱਚ ਬਰਖ਼ਾਸਤ DSP ਜਗਦੀਸ਼ ਸਿੰਘ ਭੋਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਸ਼ਾ ਤਸਕਰੀ ਦੇ ਨੈੱਟਵਰਕ ਦੀ ਜਾਂਚ ਸ਼ੁਰੂ ਹੋਈ ਸੀ, ਜਿਸ ਵਿੱਚ ਭੋਲਾ ਨੇ ਮਜੀਠੀਆ ਦਾ ਨਾਮ ਲਿਆ ਸੀ। ਮਜੀਠੀਆ ਹਮੇਸ਼ਾ ਤੋਂ ਇਸ ਮਾਮਲੇ ਨੂੰ ਸਿਆਸੀ ਬਦਲੇਖੋਰੀ ਦੱਸਦੇ ਆ ਰਹੇ ਹਨ।

ਭੋਲਾ ਨਾਲ ਆਮੋ-ਸਾਹਮਣੇ ਪੁੱਛਗਿੱਛ ਦੀ ਸੀ ਅਟਕਲ

ਦਿਲਚਸਪ ਗੱਲ ਇਹ ਹੈ ਕਿ SIT ਨੇ ਭੋਲਾ ਨੂੰ ਵੀ ਅੱਜ ਹੀ ਪੇਸ਼ ਹੋਣ ਦੇ ਹੁਕਮ ਦਿੱਤੇ ਸਨ, ਜਿਸ ਕਾਰਨ ਮਜੀਠੀਆ ਅਤੇ ਭੋਲਾ ਦੀ ਆਮੋ-ਸਾਹਮਣੇ ਪੁੱਛਗਿੱਛ ਦੀ ਅਟਕਲਾਂ ਲੱਗ ਰਹੀਆਂ ਸਨ। ਅਧਿਕਾਰੀਆਂ ਨੇ ਇਸ ਬਾਰੇ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਜੀਠੀਆ ਦੇ ਪੇਸ਼ ਨਾ ਹੋਣ ਤੋਂ ਬਾਅਦ ਹੁਣ ਅਗਲੇ ਕਦਮਾਂ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।