ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਕੇਸ ਦੀ ਜਾਂਚ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪਣ ਦਾ ਐਲਾਨ ਕੀਤਾ ਹੈ। ਮਾਨ ਨੇ ਇਹ ਐਲਾਨ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕੀਤਾ — ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਠੀਕ ਪਹਿਲਾਂ।
ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਲਿਖਿਆ ਕਿ ਨਸ਼ਿਆਂ ਖਿਲਾਫ਼ ਲੜ ਰਹੇ ਪਰਮਿੰਦਰ ਸਿੰਘ ਝੋਟੇ ਦੇ ਪਿਤਾ ਅਤੇ ਪਰਿਵਾਰ ਨਾਲ ਸਰਕਾਰ ਹਰ ਸਮੇਂ ਡੱਟ ਕੇ ਖੜ੍ਹੀ ਹੈ, ਅਤੇ ਪਰਿਵਾਰ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਇਹ ਕੇਸ CBI ਨੂੰ ਸੌਂਪਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਖਿਲਾਫ਼ ਸਰਕਾਰ ਦੀ ਲੜਾਈ ਆਰ-ਪਾਰ ਦੀ ਹੈ ਅਤੇ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਜੋ ਵੀ ਸਖ਼ਤ ਕਦਮ ਚੁੱਕਣਾ ਪਿਆ, ਸਰਕਾਰ ਪਿੱਛੇ ਨਹੀਂ ਹਟੇਗੀ।
ਐਲਾਨ ਦੀ ਟਾਈਮਿੰਗ: ਅਮਿਤ ਸ਼ਾਹ ਅੱਜ ਪੰਜਾਬ ‘ਚ
ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੰਗਲਵਾਰ ਨੂੰ ਪੰਜਾਬ ਦੌਰੇ ‘ਤੇ ਹਨ। ਸ਼ਾਹ ਪਹਿਲਾਂ ਹੀ ਪੰਜਾਬ ‘ਚ ਕਾਨੂੰਨ-ਵਿਵਸਥਾ ਦੀ ਸਥਿਤੀ ‘ਤੇ ਸੂਬਾ ਸਰਕਾਰ ਨੂੰ ਘੇਰ ਚੁੱਕੇ ਹਨ ਅਤੇ ਕਿਹਾ ਸੀ ਕਿ ਗ੍ਰਹਿ ਮੰਤਰਾਲਾ ਝੋਟੇ ਦੇ ਕਤਲ ਸਮੇਤ ਕਈ ਮਾਮਲਿਆਂ ‘ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗੇਗਾ। ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਵਿਰੋਧੀ ਧਿਰਾਂ ਲਗਾਤਾਰ ਮਾਨ ਸਰਕਾਰ ਨੂੰ ਨਿਸ਼ਾਨੇ ‘ਤੇ ਲੈ ਰਹੀਆਂ ਸਨ।
ਝੋਟੇ ਦੇ ਪਰਿਵਾਰ ਅਤੇ ਸੰਯੁਕਤ ਐਕਸ਼ਨ ਕਮੇਟੀ ਨੇ CBI ਜਾਂਚ ਨੂੰ ਆਪਣੀ ਮੁੱਖ ਮੰਗ ਬਣਾਇਆ ਹੋਇਆ ਸੀ। ਪਰਿਵਾਰ ਨੇ ਇਨਸਾਫ਼ ਮਿਲਣ ਤੱਕ ਝੋਟੇ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਮਾਨਸਾ ‘ਚ ਧਰਨਾ ਜਾਰੀ ਸੀ। ਪਿਛਲੇ ਹਫ਼ਤੇ ਇਸੇ ਮੰਗ ‘ਤੇ ਪੰਜਾਬ ਬੰਦ ਵੀ ਰਿਹਾ ਸੀ, ਜਿਸ ਦੌਰਾਨ ਬਾਜ਼ਾਰ ਬੰਦ ਰਹੇ ਅਤੇ ਕਈ ਥਾਵਾਂ ‘ਤੇ ਸੜਕਾਂ ਜਾਮ ਹੋਈਆਂ ਸਨ।
ਪਿਛੋਕੜ: 13 ਅਕਤੂਬਰ ਨੂੰ ਮਾਨਸਾ ‘ਚ ਗੋਲੀ ਮਾਰ ਕੇ ਹੱਤਿਆ
ਝੋਟਾ — ਜੋ ਮਾਨਸਾ ਖੇਤਰ ‘ਚ ਮੈਡੀਕਲ ਸਟੋਰਾਂ ‘ਤੇ ਨਸ਼ੀਲੀਆਂ ਦਵਾਈਆਂ ਦੀ ਕਥਿਤ ਗੈਰ-ਕਾਨੂੰਨੀ ਵਿਕਰੀ ਖਿਲਾਫ਼ ਆਵਾਜ਼ ਉਠਾਉਂਦੇ ਸਨ — ਦੀ 13 ਅਕਤੂਬਰ ਨੂੰ ਮਾਨਸਾ ‘ਚ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੱਤਿਆ ਉਸ ਸਮੇਂ ਹੋਈ ਜਦੋਂ ਉਹ ਫੇਸਬੁੱਕ ਲਾਈਵ ਦੌਰਾਨ ਇੱਕ ਮੈਡੀਕਲ ਸਟੋਰ ਮਾਲਕ ਨਾਲ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ‘ਤੇ ਬਹਿਸ ਕਰ ਰਹੇ ਸਨ।
ਪੁਲਿਸ ਨੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ — ਜੋ ਮੈਡੀਕਲ ਸਟੋਰ ਚਲਾਉਂਦਾ ਸੀ — ਨੂੰ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ ਕੀਤਾ ਸੀ। ਹੱਤਿਆ ਤੋਂ ਬਾਅਦ ਝੋਟੇ ਦੇ ਪਿਤਾ ਭੀਮ ਸਿੰਘ ਦੀ ਸ਼ਿਕਾਇਤ ‘ਤੇ ਕੇਸ ਦਰਜ ਹੋਇਆ ਸੀ। ਜਾਂਚਕਰਤਾਵਾਂ ਨੇ ਕਿਹਾ ਹੈ ਕਿ ਕਿਸੇ ਸੰਭਾਵਿਤ ਸਾਜ਼ਿਸ਼ ‘ਚ ਹੋਰਨਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।
ਹੱਤਿਆ ਤੋਂ ਬਾਅਦ ਸੂਬੇ ਭਰ ‘ਚ ਰੋਸ ਪ੍ਰਦਰਸ਼ਨ ਹੋਏ ਸਨ। ਹਰਸਿਮਰਤ ਕੌਰ ਬਾਦਲ, ਸਚਿਨ ਪਾਇਲਟ ਅਤੇ ਪਰਗਟ ਸਿੰਘ ਸਮੇਤ ਕਈ ਆਗੂ ਪਰਿਵਾਰ ਨੂੰ ਮਿਲ ਚੁੱਕੇ ਸਨ, ਅਤੇ ਅਕਾਲ ਤਖ਼ਤ ਸਾਹਿਬ ਨੇ ਝੋਟੇ ਨੂੰ ਸਿੱਖ ਕੌਮ ਦਾ ਸ਼ਹੀਦ ਦਾ ਦਰਜਾ ਦਿੱਤਾ ਸੀ।
ਹੁਣ ਅੱਗੇ ਕੀ
ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਹੁਣ ਸੂਬਾ ਸਰਕਾਰ ਕੇਸ CBI ਨੂੰ ਸੌਂਪਣ ਦੀ ਰਸਮੀ ਪ੍ਰਕਿਰਿਆ ਸ਼ੁਰੂ ਕਰੇਗੀ। ਸਾਰੀਆਂ ਧਿਰਾਂ ਦੀਆਂ ਨਜ਼ਰਾਂ ਹੁਣ ਇਸ ਗੱਲ ‘ਤੇ ਲੱਗੀਆਂ ਹਨ ਕਿ ਪਰਿਵਾਰ ਆਪਣਾ ਧਰਨਾ ਸਮਾਪਤ ਕਰਦਾ ਹੈ ਜਾਂ ਨਹੀਂ, ਅਤੇ ਝੋਟੇ ਦਾ ਅੰਤਿਮ ਸੰਸਕਾਰ ਕਦੋਂ ਹੋਵੇਗਾ।
ਇਹ ਫੈਸਲਾ ਨਸ਼ਿਆਂ ਖਿਲਾਫ਼ ਲੜਾਈ ਨੂੰ ਵੀ ਨਵਾਂ ਮੋੜ ਦੇਵੇਗਾ — CBI ਦੀ ਜਾਂਚ ‘ਚ ਜੇਕਰ ਕੋਈ ਵੱਡੀ ਸਾਜ਼ਿਸ਼ ਜਾਂ ਨਸ਼ਾ ਤਸਕਰਾਂ ਨਾਲ ਗੱਠਜੋੜ ਸਾਹਮਣੇ ਆਉਂਦਾ ਹੈ ਤਾਂ ਇਹ ਮਾਮਲਾ ਪੰਜਾਬ ਦੀ ਸਿਆਸਤ ‘ਚ ਹੋਰ ਵੀ ਵੱਡਾ ਬਣ ਸਕਦਾ ਹੈ।
ਹੋਰ ਪੜ੍ਹੋ:
- ‘ਬੈਠਕ ਬੇਸਿੱਟਾ!’ — ਝੋਟੇ ਦੇ ਪਰਿਵਾਰ ਨਾਲ 3 ਮਹਿਲਾ IAS ਅਫ਼ਸਰਾਂ ਦੀ ਪਹਿਲੀ ਗੱਲਬਾਤ ਵਿੱਚੋਂ ਕੋਈ ਨਤੀਜਾ ਨਹੀਂ; CBI ਜਾਂਚ ਤੇ ਮੁੱਖ ਮੰਤਰੀ-DGP ਦੇ ਅਸਤੀਫ਼ੇ ‘ਤੇ ਪਰਿਵਾਰ ਅਤੇ ਐਕਸ਼ਨ ਕਮੇਟੀ ਅੜੇ
- ਦੂਜੀ ਵਾਰ CBI ਦੇ ਸਾਹਮਣੇ ਪੇਸ਼ ਹੋਏ ਮਾਨ ਦੇ OSD ਘੁਮਣ! ਸੈਕਟਰ-30 ਦਫ਼ਤਰ ਦੁਪਹਿਰ 2 ਵਜੇ ਪਹੁੰਚੇ
- ਦੁਸਹਿਰੇ ‘ਤੇ ਰਾਵਣ ਨਾਲ ਸੜੇਗਾ ‘ਚਿੱਟੇ ਦਾ ਰਾਵਣ’! ਅੱਜ ਪੰਜਾਬ ‘ਚ ਅਮਿਤ ਸ਼ਾਹ — 3 ਪੀੜਤ ਪਰਿਵਾਰਾਂ ਨਾਲ ਮੁਲਾਕਾਤ, ਸਿਆਸੀ ਘਮਾਸਾਨ ਤੇਜ਼




ਜਵਾਬ ਦੇਵੋ