ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਨਸ਼ਾ ਤਸਕਰੀ ਦੇ ਇਕ ਵੱਡੇ ਅੰਤਰ-ਰਾਜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 4 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਕੁੱਲ 1 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਨਾਲ ਹੀ ਇਕ ਦੇਸੀ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਵੀ ਮਿਲੇ ਹਨ। ਪੁਲਿਸ ਮੁਤਾਬਕ ਇਹ ਨੈੱਟਵਰਕ ਸਰਹੱਦ ਪਾਰੋਂ ਡਰੋਨ ਰਾਹੀਂ ਹੈਰੋਇਨ ਮੰਗਵਾ ਰਿਹਾ ਸੀ।
ਚਾਰੋਂ ਮੁਲਜ਼ਮ ਕੌਣ ਹਨ
ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਜਸਪ੍ਰੀਤ ਸਿੰਘ ਉਰਫ਼ ਜੱਸੀ (30) ਸ਼ਾਮਲ ਹੈ, ਜੋ ਬਰਨਾਲਾ ਦਾ ਰਹਿਣ ਵਾਲਾ ਅਤੇ ਟੈਕਸੀ ਡਰਾਈਵਰ ਹੈ। ਉਸ ਕੋਲੋਂ 284 ਗ੍ਰਾਮ ਹੈਰੋਇਨ ਮਿਲੀ। ਦੂਜਾ ਮੁਲਜ਼ਮ ਕਰਨਾਲ ਦਾ ਗੁਰਲਾਲ ਸਿੰਘ ਉਰਫ਼ ਲਾਲ (36) ਹੈ, ਜਿਸ ਕੋਲੋਂ ਸਭ ਤੋਂ ਵੱਧ 514 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਮੁਤਾਬਕ ਗੁਰਲਾਲ ਪਿਛਲੇ 7-8 ਸਾਲਾਂ ਤੋਂ ਨਸ਼ੇ ਦੀ ਸਪਲਾਈ ਕਰ ਰਿਹਾ ਸੀ ਅਤੇ ਉਸ ਖ਼ਿਲਾਫ਼ ਪਹਿਲਾਂ ਹੀ ਘੱਟੋ-ਘੱਟ 4 NDPS ਮਾਮਲੇ ਅਤੇ ਇਕ ਆਰਮਜ਼ ਐਕਟ ਦਾ ਕੇਸ ਦਰਜ ਹੈ।
ਤੀਸਰਾ ਮੁਲਜ਼ਮ ਮੋਗਾ ਦਾ ਅਰਸ਼ਦੀਪ ਸਿੰਘ (24) ਹੈ, ਜਿਸ ਕੋਲੋਂ 156 ਗ੍ਰਾਮ ਹੈਰੋਇਨ ਮਿਲੀ। ਹੈਰਾਨੀ ਦੀ ਗੱਲ ਹੈ ਕਿ ਉਸ ਦਾ ਪਿਤਾ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਹੈ। ਅਰਸ਼ਦੀਪ ਖ਼ਿਲਾਫ਼ ਮੋਰਿੰਡਾ ਵਿੱਚ ਪਹਿਲਾਂ ਵੀ ਨਸ਼ੇ ਦੇ ਕੇਸ ਦਰਜ ਹਨ। ਚੌਥਾ ਮੁਲਜ਼ਮ ਮੋਗਾ ਦਾ ਹੀ ਗੁਰਸਾਬ ਉਰਫ਼ ਸੱਬਾ (24) ਹੈ, ਜਿਸ ਕੋਲੋਂ 57 ਗ੍ਰਾਮ ਹੈਰੋਇਨ ਦੇ ਨਾਲ ਦੇਸੀ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ। ਉਸ ਖ਼ਿਲਾਫ਼ ਵੀ ਮੋਰਿੰਡਾ ਵਿੱਚ ਨਸ਼ੇ ਦੇ ਪੁਰਾਣੇ ਕੇਸ ਹਨ।
ਸਰਹੱਦ ਪਾਰੋਂ ਡਰੋਨ ਨਾਲ ਸਪਲਾਈ ਦਾ ਸ਼ੱਕ
ਪੁਲਿਸ ਮੁਤਾਬਕ ਇਸ ਨੈੱਟਵਰਕ ਦਾ ਮੁੱਖ ਹੈਂਡਲਰ ਹਰਦੀਪ ਸਿੰਘ ਉਰਫ਼ ਦੀਪਾ ਹੈ, ਜੋ ਅਜੇ ਫ਼ਰਾਰ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਸਰਹੱਦ ਪਾਰੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਂਦਾ ਸੀ ਅਤੇ ਹਰ ਮਹੀਨੇ ਲਗਭਗ 20 ਕਿਲੋ ਹੈਰੋਇਨ ਦੀ ਸਪਲਾਈ ਕਰਨ ਦੀ ਸਮਰੱਥਾ ਰੱਖਦਾ ਸੀ। ਇਹ ਨਸ਼ਾ ਦਿੱਲੀ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿੱਚ ਵੰਡਿਆ ਜਾਂਦਾ ਸੀ।
ਪੁਲਿਸ ਹੁਣ ਫ਼ਰਾਰ ਹੈਂਡਲਰ ਦੀ ਭਾਲ ਕਰ ਰਹੀ ਹੈ ਅਤੇ ਨੈੱਟਵਰਕ ਦੇ ਅਗਲੇ-ਪਿਛਲੇ ਸੰਪਰਕਾਂ ਦੀ ਜਾਂਚ ਜਾਰੀ ਹੈ।
ਮਲੋਆ ਥਾਣੇ ਦੇ ਕੇਸ ਤੋਂ ਮਿਲਿਆ ਸੁਰਾਗ
ਇਹ ਕਾਰਵਾਈ 21 ਸਤੰਬਰ ਨੂੰ ਮਲੋਆ ਪੁਲਿਸ ਥਾਣੇ ਵਿੱਚ ਦਰਜ ਨਸ਼ੇ ਦੇ ਇਕ ਮਾਮਲੇ ਦੀ ਜਾਂਚ ਦੌਰਾਨ ਹੋਈ। ਜਾਂਚ ਅੱਗੇ ਵਧਣ ‘ਤੇ ਆਪਰੇਸ਼ਨ ਸੈੱਲ ਨੇ ਇਹਨਾਂ ਚਾਰਾਂ ਮੁਲਜ਼ਮਾਂ ਨੂੰ ਦਬੋਚਿਆ। ਪੁਲਿਸ ਦਾ ਕਹਿਣਾ ਹੈ ਕਿ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।
